15 January 2012

ਸਾਰੰਗੀ ਸ਼੍ਰੋਮਣੀ ਕਮੇਟੀ ਦੀ, ਰਾਗ ਅਕਾਲੀਆਂ ਦਾ

                                                                  ਚਰਨਜੀਤ ਭੁੱਲਰ
          ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦੇ ਚੋਣ ਪ੍ਰਚਾਰ ਦੀ ਸੇਵਾ ਸ਼੍ਰੋਮਣੀ ਕਮੇਟੀ ਦੇ ਢਾਡੀ ਕਰ ਰਹੇ ਹਨ। ਚੋਣ ਜ਼ਾਬਤਾ ਇਸ ਦੀ ਇਜਾਜ਼ਤ ਨਹੀਂ ਦਿੰਦਾ। ਸ਼੍ਰੋਮਣੀ ਕਮੇਟੀ ਦੇ ਢਾਡੀਆਂ ਦੀ ਅਸਲੀ ਡਿਊਟੀ ਧਰਮ ਪ੍ਰਚਾਰ ਦੀ ਹੈ ਪਰ ਉਹ ਅੱਜ ਕੱਲ੍ਹ ਹਲਕਾ ਮੌੜ ਤੋਂ ਅਕਾਲੀ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਦੀਆਂ ਸਿਆਸੀ ਸਟੇਜਾਂ 'ਤੇ ਰੰਗ ਬੰਨ੍ਹ ਰਹੇ ਹਨ।
              ਚੋਣ ਕਮਿਸ਼ਨ ਪੰਜਾਬ ਦੀ ਸਪੱਸ਼ਟ ਹਦਾਇਤ ਹੈ ਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਚੋਣ ਪ੍ਰਚਾਰ ਵਿੱਚ ਸ਼ਮੂਲੀਅਤ ਨਹੀਂ ਕਰ ਸਕਦੇ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅੱਜ ਹਲਕਾ ਮੌੜ ਦੇ ਪਿੰਡਾਂ ਵਿੱਚ ਜਦੋਂ ਚੋਣ ਦੌਰਾ ਕੀਤਾ ਤਾਂ ਸ਼੍ਰੋਮਣੀ ਕਮੇਟੀ ਦੇ ਢਾਡੀਆਂ ਨੇ ਲੋਕਾਂ ਨੂੰ ਬਿਠਾਉਣ ਲਈ ਵਾਰਾਂ ਗਾਈਆਂ।
           ਅੱਜ ਸ਼੍ਰੋਮਣੀ ਕਮੇਟੀ ਦਾ ਢਾਡੀ ਜਥਾ ਪਿੰਡ ਕਰਾੜਵਾਲਾ, ਚਾਉਕੇ, ਮੰਡੀ ਕਲਾਂ, ਬਾਲਿਆਂ ਵਾਲੀ ਅਤੇ ਪਿੰਡ ਘੁੰਮਣ ਕਲਾਂ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਮਾਗਮਾਂ ਵਿੱਚ ਗਿਆ। ਸ੍ਰੋਮਣੀ ਕਮੇਟੀ ਦੇ ਜੁਗਰਾਜ ਸਿੰਘ ਮੌਜੀ ਦਾ ਢਾਡੀ ਜਥਾ ਧਰਮ ਪ੍ਰਚਾਰ ਕਰਨ ਦੀ ਥਾਂ ਅਕਾਲੀ ਉਮੀਦਵਾਰ ਲਈ ਵੋਟਾਂ ਮੰਗ ਰਿਹਾ ਹੈ। ਇਨ੍ਹਾਂ ਵਲੋਂ ਪਹਿਲਾਂ ਸਟੇਜਾਂ ਤੋਂ ਵਾਰਾਂ ਗਾਈਆਂ ਜਾਂਦੀਆਂ ਹਨ ਅਤੇ ਉਸ ਮਗਰੋਂ ਕਾਂਗਰਸ ਨੂੰ ਭਜਾਉਣ ਅਤੇ ਅਕਾਲੀ ਦਲ ਨੂੰ ਲਿਆਉਣ ਦੀ ਗੱਲ ਕੀਤੀ ਜਾਂਦੀ ਹੈ। ਪਿਛਲੇ 15 ਦਿਨ੍ਹਾਂ ਤੋਂ ਇਹ ਜਥਾ ਅਕਾਲੀ ਉਮੀਦਵਾਰ ਦੀ ਸੇਵਾ ਵਿੱਚ ਲੱਗਾ ਹੋਇਆ ਹੈ। ਏਦਾ ਹੀ ਹੋਰਨਾਂ ਥਾਵਾਂ ਤੇ ਵੀ ਸ੍ਰੋਮਣੀ ਕਮੇਟੀ ਦੇ ਢਾਡੀ ਅਕਾਲੀ ਦਲ ਦੀ ਸੇਵਾ ਵਿੱਚ ਜੁੱਟੇ ਹੋਏ ਹਨ। ਪਿਛਲੀਆਂ ਚੋਣਾਂ ਵਿੱਚ ਤਾਂ ਸ੍ਰੋਮਣੀ ਕਮੇਟੀ ਅਕਾਲੀ ਦਲ ਦੀ ਚੋਣ ਮੁਹਿੰਮ ਦੌਰਾਨ ਲੰਗਰ ਦਾ ਪ੍ਰਬੰਧ ਵੀ ਕਰਦੀ ਰਹੀ ਹੈ। ਹੁਣ ਢਾਡੀ ਆਪਣੀ ਡਿਊਟੀ ਛੱਡ ਕੇ ਅਕਾਲੀ ਉਮੀਦਵਾਰ ਦੇ ਗੁਣ ਗਾ ਰਹੇ ਹਨ।
      
               ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਤਲਵੰਡੀ ਸਾਬੋ ਦਫ਼ਤਰ ਦੇ ਮੈਨੇਜਰ ਭਰਪੂਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸਾਰੇ ਮੁਲਾਜ਼ਮਾਂ ਨੂੰ ਚੋਣ ਜ਼ਾਬਤਾ ਲੱਗਣ ਸਮੇਂ ਇਹ ਨੋਟ ਕਰਵਾ ਦਿੱਤਾ ਸੀ ਕਿ ਕਿਸੇ ਵੱਲੋਂ ਵੀ ਸਿਆਸੀ ਸਮਾਗਮਾਂ ਵਿੱਚ ਸ਼ਮੂਲੀਅਤ ਨਾ ਕੀਤੀ ਜਾਵੇ। ਉਨ੍ਹਾਂ ਆਖਿਆ ਕਿ ਮੌਜੀ ਦਾ ਜਥਾ ਸ਼੍ਰੋਮਣੀ ਕਮੇਟੀ ਦਾ ਹੈ ਅਤੇ ਇਨ੍ਹਾਂ ਵੱਲੋਂ ਕੋਈ ਛੁੱਟੀ ਵਗੈਰਾ ਵੀ ਨਹੀਂ ਲਈ ਗਈ। ਉਨ੍ਹਾਂ ਆਖਿਆ, ''ਮੈਨੂੰ ਇਹ ਜਾਣਕਾਰੀ ਨਹੀਂ ਹੈ ਕਿ ਇਹ ਢਾਡੀ ਜਥਾ ਅਕਾਲੀ ਦਲ ਦੇ ਪ੍ਰਚਾਰ ਵਿੱਚ ਲੱਗਿਆ ਹੋਇਆ ਹੈ।''
             ਪੀਪਲਜ਼ ਪਾਰਟੀ ਆਫ ਪੰਜਾਬ ਦੇ ਹਲਕਾ ਮੌੜ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਭੁੱਲਰ ਨੇ ਅੱਜ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਦਾ ਢਾਡੀ ਜਥਾ ਅਕਾਲੀ ਉਮੀਦਵਾਰ ਦੀ ਹਮਾਇਤ ਵਿੱਚ ਚੋਣ ਪ੍ਰਚਾਰ ਕਰ ਰਿਹਾ ਹੈ। ਪਤਾ ਲੱਗਿਆ ਹੈ ਕਿ ਢਾਡੀ ਜਥੇ ਵੱਲੋਂ ਪ੍ਰਚਾਰ ਕਰਨ ਦੇ ਸਬੂਤ ਵੀ ਭੇਜੇ ਗਏ ਹਨ। ਕਾਂਗਰਸ ਨੇ ਵੀ ਇਸ ਦੀ ਸ਼ਿਕਾਇਤ ਕੀਤੀ ਹੈ।
             ਜ਼ਿਲ੍ਹਾ ਚੋਣ ਅਫਸਰ ਸ੍ਰੀ ਕੇ.ਕੇ.ਯਾਦਵ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈ ਅਤੇ ਉਹ ਇਸ ਦੀ ਪੜਤਾਲ ਕਰਾਉਣਗੇ। ਸ਼੍ਰੋਮਣੀ ਕਮੇਟੀ ਦੇ ਇਸ ਢਾਡੀ ਜਥੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਾ ਹੋ ਸਕਿਆ।

No comments:

Post a Comment