06 January 2012

ਚੋਣ ਜ਼ਾਬਤੇ ਦੀ ਉਲੰਘਣਾ ਦਾ ਖੌਫ਼ ਅਕਾਲੀਆਂ ਦੇ ਮਨ 'ਤੇ ਛਾਇਆ ਰਿਹਾ


                                                                  ਇਕਬਾਲ ਸਿੰਘ ਸ਼ਾਂਤ
ਲੰਬੀ-ਕੱਲ੍ਹ ਪਿੰਡ ਕੰਦੂਖੇੜਾ ਵਿਖੇ ਮੁੱਖ ਮੰਤਰੀ ਦਾ ਚੋਣ ਜਲਸਾ ਕਮਿਊਨਿਟੀ ਸੈਂਟਰ ਦੇ ਰਕਬੇ ਵਿਚ ਹੋਣ ਸਬੰਧ ਰਿਪੋਰਟਾਂ ਨਸ਼ਰ ਹੋਣ ਦਾ ਖੌਫ਼ ਪ੍ਰਸ਼ਾਸਨਕ ਤੰਤਰ ਅਤੇ ਅਕਾਲੀ ਵਰਕਰਾਂ ਵਿਚ ਕਾਫ਼ੀ ਹੱਦ ਤੱਕ ਵੇਖਣ ਨੂੰ ਮਿਲਿਆ। ਅੱਜ ਮੁੱਖ ਮੰਤਰੀ ਵੱਲੋਂ ਪਿੰਡ ਲਾਲਬਾਈ ਵਿਖੇ ਆਰ.ਓ. ਦੇ ਨਾਲ ਖਹਿੰਦੀ ਪੰਚਾਇਤੀ ਜ਼ਮੀਨ 'ਤੇ ਕੀਤੇ ਜਾ ਰਹੇ ਚੋਣ ਜਲਸੇ ਦੀਆਂ ਤਸਵੀਰਾਂ ਖਿੱਚਣ 'ਤੇ ਜਿੱਥੇ ਉੱਪ ਮੁੱਖ ਮੰਤਰੀ ਦੇ ਨਿੱਜੀ ਸਕੱਤਰ ਅਵਤਾਰ ਵਣਵਾਲਾ ਅਤੇ ਮਾਰਕਫੈੱਡ ਦੇ ਨਿਦੇਸ਼ਕ ਅਤੇ ਸੀਨੀਅਰ ਅਕਾਲੀ ਆਗੂ ਤੇਜਿੰਦਰ ਸਿੰਘ ਮਿੱਡੂਖੇੜਾ ਹੁਰੇ ਪੱਤਰਕਾਰਾਂ ਤੋਂ ਮਿੱਤਰਪੁਣੇ ਅਤੇ ਚੰਗੇਰੇ ਸੰਬੰਧਾਂ ਦੀ ਦੁਹਾਈ ਦੇ ਕੇ ਵਿਚ ਕੈਮਰੇ ਮੁਹਰੇ ਖੜ੍ਹੇ ਹੋ ਕੇ ਫੋਟੋਗਰਾਫ਼ੀ ਨਾ ਕਰਨ ਦੀ ਅਪੀਲ ਕਰਦੇ ਰਹੇ। ਜਦੋਂਕਿ ਇਸ ਦੌਰਾਨ ਅਕਾਲੀ ਵਰਕਰ ਵਜੋਂ ਵਿਚਰਦੇ ਜਾਪਦੇ ਮੁੱਖ ਮੰਤਰੀ ਦੇ ਸੁਰੱਖਿਆ ਅਮਲੇ ਦੇ ਕੁਝ ਕਰਮਚਾਰੀ ਵੀ ਟੇਢੀਆਂ ਅੱਖਾਂ ਨਾਲ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦੇ ਮਹਿਸੂਸ ਕੀਤੇ ਗਏ।
ਇਸੇ ਤਰ੍ਹਾਂ ਹਲਕੇ ਦੇ ਪਿੰਡ ਥਰਾਜਵਾਲਾ ਵਿਖੇ ਵੀ ਖੇਡ ਸਟੇਡੀਅਮ 'ਚ ਹੋ ਰਹੇ ਜਲਸੇ ਦੀਆਂ ਫੋਟੋਆਂ ਖਿੱਚਣ 'ਤੇ ਉਥੇ ਮੌਜੂਦ ਆਯੋਜਕਾਂ ਵਿਚ ਸਹਿਮ ਜਿਹਾ ਦੌੜ ਗਿਆ ਤੇ ਉਨ੍ਹਾਂ ਵੱਲੋਂ ਤੁਰੰਤ ਸਟੇਡੀਅਮ ਵਿਚ ਬਣੇ ਜਿੰਮ ਦੇ ਕਮਰੇ ਦੀ ਕੰਧ 'ਤੇ ਲਿਖੇ ਨਾਂਅ ਜਿੰਮ ਖਾਨਾ ਪਿੰਡ ਥਰਾਜਵਾਲਾ 'ਤੇ ਕਰਮਚਾਰੀਆਂ ਨੂੰ ਪੌੜੀ ਲਾ ਕੇ ਇੱਕ ਗੰਦੀ ਜਿਹੀ ਪੱਲੀ ਨਾਲ ਢਕਵਾ ਕੇ ਲੁਕੋਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਚੋਣ ਕਮਿਸ਼ਨ ਵੱਲੋਂ ਨਿਯੁਕਤ ਸ੍ਰੀ ਅਮਰਜੀਤ ਸਿੰਘ ਸਿੱਧੂ  ਦੀ ਅਗਵਾਈ ਵਾਲੀ ਟੀਮ ਵੱਲੋਂ ਮੌਕੇ 'ਤੇ ਪਹੁੰਚ ਕੇ ਪੰਡਾਲ ਵਗੈਰਾ ਦੀ ਨਿਯਮਾਂ ਅਨੁਸਾਰ ਵੀਡੀਓਗਰਾਫ਼ੀ ਕਰਵਾਈ ਗਈ।



ਮੁੱਖ ਮੰਤਰੀ ਦੇ ਅਹੁਦੇ ਲਈ ਕਾਂਗਰਸੀਆਂ ਵਿਚਕਾਰ ਘਸਮਾਨ ਮੱਚਿਆ ਹੋਇਐ : ਬਾਦਲ  
                                                          ਇਕਬਾਲ ਸਿੰਘ ਸ਼ਾਂਤ
ਲੰਬੀ-ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਆਗੂਆਂ ਵਿਚਕਾਰ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਘਸਮਾਨ ਮੱਚਿਆ ਹੋਇਆ ਹੈ। ਕੈਪਟਨ ਅਮਰਿੰਦਰ, ਬੀਬੀ ਭੱਠਲ, ਪ੍ਰਤਾਪ ਬਾਜਵਾ ਸਮੇਤ ਕਈ ਹੋਰ ਮੁੱਖ ਮੰਤਰੀ ਦੇ ਅਹੁਦੇ ਲਈ ਹੁਣੇ ਤੋਂ ਤਰਲੋਮੱਛੀ ਹੋਈ ਫਿਰਦੇ ਨੇ, ਜਦੋਂਕਿ ਕਾਂਗਰਸ ਅਜੇ ਤੱਕ ਆਪਣੀਆਂ ਟਿਕਟਾਂ ਦਾ ਐਲਾਨ ਨਹੀਂ ਕਰ ਸਕੀ।
ਉਹ ਅੱਜ ਲੰਬੀ ਹਲਕੇ ਦੇ ਪਿੰਡਾਂ ਲੰਬੀ, ਬੀਦੋਵਾਲੀ, ਲਾਲਬਾਈ, ਥਰਾਜਵਾਲਾ ਸਮੇਤ ਵੱਖ-ਵੱਖ ਪਿੰਡਾਂ ਵਿਚ ਚੋਣ ਜਲਸਿਆਂ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਾਂਗਰਸ ਨੂੰ ਦੇਸ਼ ਦੀ ਆਰਥਿਕ ਅਤੇ ਸਮਾਜਿਕ ਤਬਾਹੀ ਲਈ ਜੁੰਮੇਵਾਰ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਨੇ ਭਾਰਤ ਨੂੰ ਦੁਨੀਆਂ ਦੇ ਸਭ ਵੱਧ ਗਰੀਬੀ, ਬੇਰੁਜ਼ਗਾਰੀ ਅਤੇ ਭ੍ਰਿਸ਼ਟ ਮੁਲਕਾਂ ਦੀ ਮੁਹਰਲੀ ਕਤਾਰ ਵਿਚ ਲਿਆ ਖੜ੍ਹਾ ਕੀਤਾ ਹੈ। ਉਨ੍ਹਾਂ ਕਾਂਗਰਸ ਦੇ 50 ਸਾਲਾਂ ਦੇ ਰਾਜ ਦੀ ਤੁਲਣਾ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੇ 5 ਸਾਲਾਂ ਨਾਲ ਕਰਦਿਆਂ ਆਖਿਆ ਕਿ ਕੇਂਦਰ ਦੇ ਬੇਰੱਖੇ ਰਵੱਈਏ ਦੇ ਬਾਵਜੂਦ ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਵਿਚ ਵਿਕਾਸ ਨੂੰ ਨਵੀਂ ਦਿਸ਼ਾ ਦਿੱਤੀ।
ਸ੍ਰੀ ਬਾਦਲ ਨੇ ਕਾਂਗਰਸੀ ਸਰਕਾਰਾਂ ਨੂੰ ਵਿਖਾਵੇ ਦੀਆਂ ਸਰਕਾਰਾਂ ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਦੀਆਂ ਸਰਕਾਰਾਂ ਦਾ ਲੋਕ ਹਿੱਤਾਂ ਦੂਰ-ਦੂਰ ਤੱਕ ਕੋਈ ਵਾਸਤਾ ਨਹੀਂ ਹੁੰਦਾ।
ਉਨ੍ਹਾਂ ਪਿੰਡ ਲਾਲਬਾਈ ਵਿਖੇ ਚੋਣ ਜਲਸੇ ਦੌਰਾਨ ਪੀ. ਪੀ. ਪੀ. ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ 'ਤੇ ਤਿੱਖੇ ਹਮਲੇ ਕਰਦਿਆਂ ਲੋਕਾਂ ਨੂੰ ਉਸਦੀ ਪਾਰਟੀ ਤੋਂ ਪਾਸਾ ਵੱਟਣ ਦੀ ਅਪੀਲ ਕੀਤੀ।
 ਇਸਤੋਂ ਪਹਿਲਾਂ ਪਿੰਡ ਬੀਦੋਵਾਲੀ ਵਿਖੇ ਚੋਣ ਜਲਸੇ ਵਿਚ ਕਾਫ਼ੀ ਗਿਣਤੀ ਵਿਚ ਕੁਰਸੀਆਂ ਖਾਲੀ ਪਈਆਂ ਸਨ। ਜਿੱਥੇ ਮੁੱਖ ਮੰਤਰੀ ਨੇ ਆਪਣੇ ਭਾਸ਼ਨ ਵਿਚ ਅਕਾਲੀ ਸਰਕਾਰ ਦੌਰਾਨ ਰਹੀਆਂ ਕਮੀਆਂ ਨੂੰ ਦਰਬਦਰ ਕਰਕੇ ਮੁੜ ਤੋਂ ਲੰਬੀ ਹਲਕੇ ਵਿਚ ਸੱਤਾ ਦਾ ਪਾਵਰ ਗਰਿੱਡ ਲਿਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਬਿਜਲੀ ਦੇ ਟਰਾਂਸਫਾਰਮਰ (ਐਮ.ਐਲ.ਏ.) ਨਾਲ ਕੋਈ ਵਿਕਾਸ ਨਹੀਂ ਹੋ ਸਕਦਾ, ਜਦੋਂਕਿ ਮੁੱਖ ਮੰਤਰੀ ਦੀ ਕੁਰਸੀ ਪਾਵਰ ਗਰਿੱਡ ਦਾ ਆਪਣਾ ਰੁਤਬਾ ਹੈ। ਪਿੰਡ ਬੀਦੋਵਾਲੀ ਵਿਖੇ ਮੁੱਖ ਮੰਤਰੀ ਦੇ ਚੋਣ ਜਲਸੇ ਵਿਚ ਕਾਫ਼ੀ ਗਿਣਤੀ ਖਾਲੀ ਪਈਆਂ ਕੁਰਸੀਆਂ ਵੀ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ। ਚੋਣ ਜਲਸੇ ਵਿਚ ਪੱਤਰਕਾਰਾਂ ਵੱਲੋਂ ਤਸਵੀਰਾਂ ਖਿੱਚਣ 'ਤੇ ਅਕਾਲੀ ਵਰਕਰ ਖਾਲੀ ਕੁਰਸੀਆਂ ਭਰਨ ਦੀ ਕੋਸ਼ਿਸ਼ ਦੇ ਤਹਿਤ ਮਹਿਜ਼ ਤਿੰਨ-ਚਾਰ ਵਿਅਕਤੀਆਂ ਨੂੰ ਬਿਠਾਉਣ ਵਿਚ ਸਫ਼ਲ ਹੋਏ।
ਇਸ ਮੌਕੇ ਮੁੱਖ ਮੰਤਰੀ ਦੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਮੈਂਬਰ ਅਤੇ ਅਕਾਲੀ ਆਗੂ ਸ੍ਰੀ ਪਰਮਜੀਤ ਸਿੰਘ 'ਲਾਲੀ ਬਾਦਲ', ਲਾਲੀ ਕਾਲਝਰਾਨੀ ਅਤੇ ਗੁਰਮੇਹਰ ਸਿੰਘ ਬਾਦਲ, ਤੇਜਿੰਦਰ ਸਿੰਘ ਮਿੱਡਖੇੜਾ, ਅਵਤਾਰ ਸਿੰਘ ਵਣਵਾਲਾ, ਐਸ.ਓ.ਆਈ. ਦੇ ਜ਼ਿਲ੍ਹਾ ਪ੍ਰਧਾਨ ਅਕਾਸ਼ਦੀਪ ਮਿੱਡੂਖੇੜਾ, ਭੁਪਿੰਦਰ ਸਿੰਘ ਮਿੱਡੂਖੇੜਾ, ਰਣਯੋਧ ਲੰਬੀ ਸਮੇਤ ਵੱਖ-ਵੱਖ ਆਗੂ ਅਤੇ ਵਰਕਰ ਵੀ ਮੌਜੂਦ ਸਨ।


No comments:

Post a Comment