13 January 2012

ਪਾਸ਼ ਅਤੇ ਦਾਸ ਨਾਲੋਂ ਘੱਟ ਚੱਲ ਅਤੇ ਅਚੱਲ ਜਾਇਦਾਦ ਦੇ ਮਾਲਕ ਹਨ ਮਹੇਸ਼ਇੰਦਰ

                                                              ਇਕਬਾਲ ਸਿੰਘ ਸ਼ਾਂਤ
                 ਲੰਬੀ : ਲੰਬੀ ਹਲਕੇ ਤੋਂ ਪਾਸ਼ ਨੂੰ ਦੋ ਵਿਧਾਨਸਭਾ ਚੋਣਾਂ ਤੋਂ ਕਰਾਰੀ ਟੱਕਰ ਦਿੰਦੇ ਆ ਰਹੇ ਕਾਂਗਰਸ ਉਮੀਦਵਾਰ ਮਹੇਸ਼ਇੰਦਰ ਸਿੰਘ ਬਾਦਲ ਆਪਣੇ ਦੋਵੇਂ ਚਚੇਰੇ ਭਰਾਵਾਂ ਪਾਸ਼ ਅਤੇ ਦਾਸ ਨਾਲੋਂ ਘੱਟ ਚੱਲ ਅਤੇ ਅਚੱਲ ਜਾਇਦਾਦ ਦੇ ਮਾਲਕ ਹਨ। ਸ੍ਰੀ ਮਹੇਸ਼ਇੰਦਰ ਸਿੰਘ ਬਾਦਲ ਦੇ ਕੋਲ 6 ਕਰੋੜ 45 ਲੱਖ 30 ਹਜ਼ਾਰ ਦੀ ਚੱਲ ਅਤੇ ਅਚੱਲ ਸੰਪਤੀ ਹੈ। ਜਿਸ ਵਿਚ 6 ਕਰੋੜ 20 ਲੱਖ 50 ਹਜ਼ਾਰ ਦੀ ਅੱਚਲ ਅਤੇ 24 ਲੱਖ 80 ਹਜ਼ਾਰ 185 ਰੁਪਏ ਦੀ ਚੱਲ ਸੰਪਤੀ ਹੈ।
           ਇਸਦੇ ਉਲਟ ਅਕਾਲੀ-ਭਾਜਪਾ ਗੱਠਜੋੜ  ਦੇ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਦੀ ਕੁੱਲ ਚੱਲ ਅਤੇ ਅਚੱਲ ਸੰਪਤੀ 6 ਕਰੋੜ 75 ਲੱਖ 27, 914 ਰੁਪਏ ਹੈ। ਇਸਦੇ ਲਾਵਾ ਪੀ.ਪੀ.ਪੀ. ਦੀ ਟਿਕਟ 'ਤੇ ਆਪਣੇ  ਭਰਾਵਾਂ ਦੇ ਵਿਰੋਧ ਖੜ੍ਹੇ ਹੋਏ ਗੁਰਦਾਸ ਸਿੰਘ ਬਾਦਲ 19 ਕਰੋੜ 71 ਲੱਖ 45 ਹਜ਼ਾਰ 625 ਰੁਪਏ ਦੀ ਚੱਲ ਅਤੇ ਅਚਲ ਸੰਪਤੀ ਹੈ।

         ਮਹੇਸ਼ਇੰਦਰ ਸਿੰਘ ਬਾਦਲ ਵੱਲੋਂ ਲੰਬੀ ਹਲਕੇ ਤੋਂ ਬਤੌਰ ਕਾਂਗਰਸ ਉਮੀਦਵਾਰ ਨਾਮਜ਼ਦਗੀ ਕਾਗਜ਼ਾਂ ਨਾਲ ਪੇਸ਼  ਸੰਪਤੀ ਦੇ ਅਸਾਸਿਆਂ ਦੀ ਸੂਚੀ ਅਨੁਸਾਰ ਉਨ੍ਹਾਂ ਦੇ ਕੋਲ ਪਾਸ਼ ਅਤੇ ਦਾਸ ਦੇ ਮੁਕਾਬਲੇ ਨਗਦ ਰਕਮ ਵਜੋਂ ਸਿਰਫ਼ 50 ਹਜ਼ਾਰ ਰੁਪਏ ਹਨ। ਜਦੋਂਕਿ ਪਾਸ਼ ਦੇ ਕੋਲ ਸਾਢੇ 4 ਲੱਖ ਰੁਪਏ ਨਗਦ ਹਨ ਅਤੇ ਦਾਸ ਦੇ ਕੋਲ ਨਿੱਜੀ ਤੌਰ 'ਤੇ ਨਗਦੀ ਵਜੋਂ 3 ਲੱਖ ਰੁਪਏ ਹਨ।
ਪਾਸ਼ ਦੇ ਸਿਆਸੀ ਗੁਰੂ ਸ. ਤੇਜਾ ਸਿੰਘ ਦੇ ਸਪੁੱਤਰ ਮਹੇਸ਼ਇੰਦਰ ਬਾਦਲ ਦੇ ਕੋਲ 8 ਲੱਖ 10 ਹਜ਼ਾਰ ਰੁਪਏ ਦਾ ਸੋਨਾ ਹੈ। ਇਸਦੇ ਉਲਟ ਪਾਸ਼ ਕੋਲ 3 ਲੱਖ 42 ਹਜ਼ਾਰ ਰੁਪਏ ਅਤੇ ਦਾਸ ਦੇ ਕੋਲ 2 ਲੱਖ 85 ਹਜ਼ਾਰ ਰੁਪਏ ਦਾ ਸੋਨਾ ਹੈ।
         
             ਸਾਊ ਸਖਸੀਅਤ ਦੇ ਮਾਲਕ ਵਜੋਂ ਜਾਣੇ ਜਾਂਦੇ ਮਹੇਸ਼ਇੰਦਰ ਬਾਦਲ ਦੇ ਵਹੀਕਲ ਵਜੋਂ ਮਹਿੰਦਰਾ ਦੀ ਇੰਵੇਡਰ ਜੀਪ (2008 ਮਾਡਲ) ਵਿਚ 50 ਫ਼ੀਸਦੀ ਹਿੱਸਾ ਹੈ। ਇਸਦੇ ਇਲਾਵਾ ਉਨ੍ਹਾਂ ਦੇ ਕੋਲ ਮਹਾਰਾਜਾ ਇੰਜੀਨੀਅਰਿੰਗ ਕੰਪਨੀ ਲਿਮ: 8 ਲੱਖ 93 ਹਜ਼ਾਰ 40 ਰੁਪਏ ਦੇ ਸ਼ੇਅਰ ਹਨ।

            ਕਿਸਾਨੀ ਦੇ ਕਿੱਤੇ ਨਾਲ ਜੁੜੇ ਸ੍ਰੀ ਮਹੇਸ਼ਇੰਦਰ ਸਿੰਘ ਬਾਦਲ ਦੇ ਕੋਲ ਆਪਣੇ ਜੱਦੀ ਪਿੰਡ ਬਾਦਲ ਵਿਖੇ 41 ਏਕੜ, ਉਤਰਾਖੰਡ ਸੂਬੇ ਦੇ ਨੈਣੀਤਾਲ ਦੇ ਪਿੰਡ ਖਾਮਰੀਆ ਵਿਖੇ 11.215 ਏਕੜ ਤੋਂ ਇਲਾਵਾ ਰਾਜਸਾਨ ਦੇ ਚੱਕ 5 ਬੀਐਨ.ਡਬਿਨਿਊ (ਜ਼ਿਲ੍ਹਾ ਸ੍ਰੀ ਗੰਗਾਨਗਰ)  ਵਿਖੇ 18 ਏਕੜ ਵਾਹੀਯੋਗ ਜ਼ਮੀਨ ਹੈ। ਇਸਤੋਂ ਇਲਾਵਾ ਉਨ੍ਹਾਂ ਕੋਲ  ਪਟਿਆਲਾ ਦੇ ਬਡੂੰਗਰ ਖੇਤਰ ਵਿਚ 7123.5 ਵਰਗ ਫੁੱਟ ਦੇ ਪਲਾਟ ਵਿਚ 50 ਫ਼ੀਸਦੀ ਹਿੱਸਾ ਹੈ। ਜਿਸਦੀ ਮੌਜੂਦਾ ਕੀਮਤ 11 ਲੱਖ ਰੁਪਏ ਹੈ। ਕਮਰਸ਼ੀਅਲ ਜਾਇਦਾਦ ਵਜੋਂ ਉਨ੍ਹਾਂ ਦੇ ਕੋਲ ਗਿੱਦੜਾਹਾ ਵਿਖੇ ਇੱਕ ਦੁਕਾਨ ਹੈ। ਜਦੋਂਕਿ ਪਿੰਡ ਹੁਸਨਰ ਵਿਖੇ 24 ਕਨਾਲ 18 ਮਰਲੇ ਰਕਬੇ ਵਿਚ ਅਨਾਜ ਸਟੋਰੇਜ਼ ਲਈ ਓਪਨ ਪਲਿੰਥ ਹਨ।
              ਰਿਹਾਇਸ਼ੀ ਜਾਇਦਾਦ ਵਜੋਂ ਉਨ੍ਹਾਂ ਦੇ ਕੋਲ ਪਿੰਡ ਬਾਦਲ ਵਿਖੇ ਲਾਲ ਲਕੀਰ ਦੇ ਅੰਦਰ ਇੱਕ ਮਕਾਨ ਜਿਸਦੀ ਕੀਮਤ 28 ਲੰਖ ਰੁਪਏ ਹੈ ਅਤੇ ਚੰਡੀਗੜ੍ਹ ਦੇ ਸੈਕਟਰ 18 ਵਿਖੇ 2700 ਵਰਗ ਫੁੱਟ ਦੇ 1 ਕਰੋੜ 67 ਲੱਖ ਰੁਪਏ ਦੀ ਕੀਮਤ ਵਾਲੇ ਇੱਕ ਮਕਾਨ ਵਿਚ 2/3 ਹਿੱਸਾ ਹੈ। ਉਨ੍ਹਾਂ ਦੇ ਸਿਰ ਦੋ ਲੱਖ 1413 ਰੁਪਏ ਦੀਆਂ ਸਰਕਾਰੀ ਦੇਣਦਾਰੀਆਂ ਹਨ।
          
               ਜਦੋਂਕਿ ਮਹੇਸ਼ਇੰਦਰ ਬਾਦਲ ਦੀ ਧਰਮ ਪਤਨੀ ਸ੍ਰੀਮਤੀ ਹਰਗੀਤ ਕੌਰ ਦੇ ਕੋਲ ਲਗਭਗ 68 ਲੱਖ 86 ਹਜ਼ਾਰ ਦੀ ਚੱਲ ਅਤੇ ਅਚੱਲ ਸੰਪਤੀ ਹੈ। ਜਦੋਂਕਿ ਉਨ੍ਹਾਂ ਦੇ 13 ਲੱਖ 50 ਹਜ਼ਾਰ ਰੁਪਏ ਦਾ ਸੋਨਾ ਹੈ ਅਤੇ 70 ਹਜ਼ਾਰ ਨਗਦ ਹਨ


       ਮਹੇਸਇੰਦਰ ਬਾਦਲ ਵੱੱਲੋਂ ਲੰਬੀ ਹਲਕੇ ਤੋਂ ਨਾਮਜ਼ਦਗੀ ਕਾਗਜ਼ ਦਾਖਲ
                                         -ਕਵਰਿੰਗ ਉਮੀਦਵਾਰ ਬਣੇ ਗੁਰਮੀਤ ਸਿੰਘ ਖੁੱਡੀਆਂ-
                                                                 ਇਕਬਾਲ ਸਿੰਘ ਸ਼ਾਂਤ
          ਲੰਬੀ  : ਪਿਛਲੇ ਵਿਧਾਨਸਭਾ ਚੋਣਾਂ ਵਿਚ ਪ੍ਰਕਾਸ਼ ਸਿੰਘ ਬਾਦਲ ਨੂੰ ਤਕੜੀ ਟੱਕਰ ਦੇਣ ਵਾਲੇ ਲੰਬੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸ੍ਰ: ਮਹੇਸਇੰਦਰ ਸਿੰਘ ਬਾਦਲ ਨੇ ਆਪਣੇ ਨਾਮਜ਼ਦਗੀ ਕਾਗਜ਼ ਲੰਬੀ ਹਲਕੇ ਦੇ ਰਿਟਰਨਿੰਗ ਅਫਸਰ ਸੰਦੀਪ ਰਿਸ਼ੀ ਦੇ ਕੋਲ ਦਾਖਲ ਕੀਤੇ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਉਨ੍ਹਾਂ ਦੇ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ।
   
          ਕਾਗਜ਼ ਦਾਖਲ ਕਰਨ ਉਪਰੰਤ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ ਸ੍ਰ. ਮਹੇਸ਼ਇੰਦਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਦੀ ਸੂਰਤ ਵਿੱਚ ਜਿੱਥੇ ਉਨ੍ਹਾਂ ਦੀ ਮੁੱਢਲੀ ਪਹਿਲ ਲੰਬੀ ਹਲਕੇ ਦੇ 47 ਪਿੰਡਾਂ ਨੂੰ ਸੇਮ ਦੇ ਸੰਤਾਪ ਤੋਂ ਨਿਜਾਤ ਦਿਵਾਉਣਾ ਹੋਵੇਗਾ। ਇਸਦੇ ਇਲਾਵਾ ਸੂਬੇ ਵਿੱਚ ਕਾਨੂੰਨ ਦਾ ਰਾਜ ਬਹਾਲ ਕਰਵਾਉਣਾ ਵੀ ਮੁੱਖ ਏਜੰਡਾ ਹੋਵੇਗਾ। ਸ੍ਰੀ ਬਾਦਲ ਨੇ ਰਾਜ ਦੀ ਨਿੱਘਰ ਚੁੱਕੀ ਕਾਨੂੰਨ ਵਿਵਸਥਾ 'ਤੇ ਵਧੇਰੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਵੇਲੇ ਸੂਬੇ ਵਿਚ ਹਰ ਪਾਸੇ ਗੁੰਡਾਰਾਜ ਅਤੇ ਆਮ ਜਨਤਾ ਖੁਦ ਨੂੰ ਮਹਿਫੂਜ਼ ਮਹਿਸੂਸ ਨਹੀਂ ਕਰਦੀ।

            ਲੰਬੀ ਹਲਕੇ ਦੇ ਚੋਣ ਨਤੀਜਿਆਂ ਬਾਰੇ ਪੁੱਛਣ 'ਤੇ ਉਨ੍ਹਾਂ ਉਤਸ਼ਾਹ ਭਰੇ ਲਫ਼ਜ਼ਾਂ ਵਿਚ ਉਨ੍ਹਾਂ ਦਾ ਖੇਤਰ ਆਪਣੇ ਲੋਕਾਂ ਨਾਲ ਦਿਲੀ ਪਿਆਰ ਹੈ ਅਤੇ ਲੋਕਾਂ ਦੇ ਪਿਆਰ ਤੇ ਸਤਿਕਾਰ ਵਿਚ ਤਾਕਤ ਹੁੰਦੀ ਹੈ। ਅਜਿਹੇ ਵਿਚ ਉਹ ਆਪਣੀ ਜਿੱਤ ਪ੍ਰਤੀ ਬਹੁਤ ਆਸਵੰਦ ਹਨ।
          ਉਨ੍ਹਾਂ ਅਕਾਲੀ ਦਲ ਵੱਲੋਂ ਲੰਬੀ ਹਲਕੇ ਵਿਚ ਵੋਟਰਾਂ ਨੂੰ ਭਰਮਾਉਣ ਲਈ ਕੀਤੀਆਂ ਜਾ ਰਹੀਆਂ ਕਾਰਗੁਜ਼ਾਰੀ ਨੂੰ ਲੋਕਤੰਤਰ ਰਵਾਇਤਾਂ ਲਈ ਮੰਦਭਾਗਾ ਕਰਾਰ ਦਿੰਦਿਆਂ ਇਸ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਧੱਕੇਸ਼ਾਹੀ ਅਤੇ ਗੁੰਡਾਗਰਦੀ ਨੂੰ ਕਿਸੇ ਵੀ ਕੀਮਤ 'ਤੇ ਸਹਿਨ ਨਹੀਂ ਕੀਤਾ ਜਾਵੇਗਾ।

               ਇਸ ਮੌਕੇ ਸਾਊ ਸਿਆਸਤਦਾਨ ਅਤੇ ਦਰਵੇਸ਼ ਸਿਆਸਤਦਾਨ ਵਜੋਂ ਜਾਣੇ ਜਾਂਦੇ ਸ੍ਰੀ ਮਹੇਸ਼ਇੰਦਰ ਸਿੰਘ ਬਾਦਲ ਨੇ ਹੋਰਨਾਂ ਉਮੀਦਵਾਰ ਕਵਰਿੰਗ ਉਮੀਦਵਾਰ ਆਪਣੇ ਖੂਨ ਜਾਂ ਪਰਿਵਾਰ ਵਿਚੋਂ ਬਣਾਉਣ ਦੀ ਬਜਾਏ ਦਰਵੇਸ ਸਿਆਸਤਦਾਨ ਮਰਹੂਮ ਮੈਂਬਰ ਪਾਰਲੀਮੈਂਟ ਸ੍ਰ: ਜਗਦੇਵ ਸਿੰਘ ਖੁੱਡੀਆਂ ਦੇ ਸਪੁੱਤਰ ਗੁਰਮੀਤ ਸਿੰਘ ਖੁੱਡੀਆਂ ਨੂੰ ਆਪਣੇ ਕਵਰਿੰਗ ਉਮੀਦਵਾਰ ਵਜੋਂ ਰੱਖ ਕੇ ਇੱਕ ਵਿਲੱਖਣ ਮਿਸਾਲ ਪੇਸ਼ ਕੀਤੀ।
               
              ਇਸ ਮੌਕੇ ਸਾਬਕਾ ਮੰਤਰੀ ਸ੍ਰ: ਹਰਦੀਪ ਇੰਦਰ ਸਿੰਘ ਬਾਦਲ, ਬਾਦਲ ਪਿੰਡ ਦੇ ਸਾਬਕਾ ਸਰਪੰਚ ਸੰਜਮ ਸਿੰਘ ਢਿੱਲੋਂ, ਸੀਨੀਅਰ ਕਾਂਗਰ ਆਗੂ ਰਣਧੀਰ ਸਿੰਘ ਧੀਰਾ ਖੁੱਡੀਆਂ ਅਤੇ ਸਾਬਕਾ ਵਿਧਾਇਕ ਰਘਵੀਰ ਸਿੰਘ, ਮਲਕੀਤ ਸਿੰਘ ਵਕੀਲ, ਬਲਾਕ ਕਾਂਗਰਸ ਦੇ ਜਗਵਿੰਦਰ ਸਿੰਘ ਕਾਲਾ, ਨਵਤੇਜ ਸਿੰਘ, ਟੋਜੀ ਲੰਬੀ, ਜਸਵਿੰਦਰ ਸਿੰਘ ਭਾਗੂ, ਹਰਮੀਤ ਸਿੰਘ ਮਾਨਾ ਅਤੇ ਵੱਖ-ਵੱਖ ਆਗੂ ਮੌਜੂਦ ਸਨ।


                          ਮਹੇਸਇੰਦਰ ਵੱਲੋਂ ਸਰਕਾਰੀ ਸੁਰੱਖਿਆ ਲੈਣ ਤੋਂ ਇਨਕਾਰ
     ਲੰਬੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ: ਮਹੇਸਇੰਦਰ ਸਿੰਘ ਬਾਦਲ ਨੇ ਅੱਜ ਸਰਕਾਰੀ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ। ਅੱਜ  ਵਿਧਾਨ ਸਭਾ ਹਲਕਾ ਲੰਬੀ ਲਈ ਕਾਂਗਰਸ ਦੇ ਉਮੀਦਵਾਰ ਵਜੋਂ ਆਪਣੇ ਨਾਮਜਦਗੀ ਕਾਗਜ਼ ਆਗ਼.ਓ. ਲੰਬੀ ਕੋਲ ਦਾਖਲ ਕਰਨ ਦੇ ਤੁਰੰਤ ਬਾਅਦ ਜਿਵੇਂ ਹੀ ਸ੍ਰ: ਬਾਦਲ ਰਿਟਰਨਿੰਗ ਅਫਸਰ ਦੇ ਦਫ਼ਤਰ ਵਿਚੋਂ ਬਾਹਰ ਆਏ ਤਾਂ ਇੱਕ ਥਾਣੇਦਾਰ ਨੇ ਉਨ੍ਹਾਂ ਨੂੰ ਸੁਰੱਖਿਆ ਕਰਮਚਾਰੀ ਲੈਣ ਦੀ ਪੇਸ਼ਕਸ਼ ਕੀਤੀ। ਜਿਸ 'ਤੇ ਮਹੇਸ਼ਦਇੰਦਰ ਸਿੰਘ ਬਾਦਲ ਨੇ ਬੜੀ ਨਿਮਰਤਾ ਨਾਲ ਸੁਰੱਖਿਆ ਲੈਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਆਪਣੀ ਹੋਣੀ ਨੂੰ ਆਪਣੇ ਸਮਰਥਕਾਂ ਤੇ ਵੋਟਰਾਂ ਨਾਲੋਂ ਵੱਖ ਨਹੀਂ ਕਰ ਸਕਦੇ।

No comments:

Post a Comment