08 January 2012

ਸੰਘਣੇ ਕੋਹਰੇ 'ਤੇ ਭਾਰੂ ਪੈ ਰਿਹੈ ਤਿੰਨੇ ਬਾਦਲ ਭਰਾਵਾਂ ਦਾ ਚੋਣ ਪ੍ਰਚਾਰ

                                 -ਲੋਂਗ ਕੋਟ ਅਤੇ ਦਸਤਾਨੇ ਠੰਡ ਤੋਂ ਬਚਾਅ ਲਈ ਪਾਸ਼ ਦਾ ਵੱਡਾ ਸਹਾਰਾ-
                          -ਦਾਸ ਨੂੰ ਹੁਣ ਬਾਹਵਾ ਕੰਮ ਆ ਰਿਹੈ 'ਪਾਸ਼' ਵੱਲੋਂ ਲਿਆ ਕੇ ਦਿੱਤਾ ਵਿਲਾਇਤੀ ਲੋਂਗ ਕੋਟ-
              - ਠੰਡ ਤੋਂ ਬਚਾਅ ਲਈ ਸਵੈਟਰ ਅਤੇ ਲੋਈ ਦੀ ਬੁੱਕਲ ਨੂੰ ਬਿਹਤਰ ਮੰਨਦੇ ਨੇ ਮਹੇਸ਼ਇੰਦਰ ਬਾਦਲ-

                                                                        -ਇਕਬਾਲ ਸਿੰਘ ਸ਼ਾਂਤ-
ਲੰਬੀ : ਪੰਜਾਬ ਵਿਧਾਨਸਭਾ ਚੋਣਾਂ-2012 ਦੌਰਾਨ ਸਭ ਤੋਂ ਵਕਾਰੀ ਚੋਣ ਦੰਗਲ ਦਾ ਰੁਤਬਾ ਰੱਖਦੇ ਲੰਬੀ ਵਿਧਾਨਸਭਾ ਹਲਕੇ ਵਿਚ ਤਿੰਨ ਬਾਦਲ ਭਰਾਵਾਂ ਵਿਚਕਾਰ ਭਖੇ ਚੋਣ ਦੰਗਲ ਦੀ ਗਰਮਾਹਟ ਅਤਿ ਦੀ ਠੰਡ ਅਤੇ ਸੰਘਣੇ ਕੋਹਰੇ 'ਤੇ ਭਾਰੂ ਪੈ ਰਹੀ ਹੈ। ਜਿੱਥੇ ਅਜਿਹੇ ਕੋਹਰੇ ਭਰੇ ਦਿਨ ਵਿਚ ਆਮ ਤੌਰ 'ਤੇ ਘਰਾਂ ਵਿਚੋਂ ਬਾਹਰ ਨਿਕਲਣ ਤੋਂ ਗੁਰੇਜ਼ ਕੀਤਾ ਜਾਂਦਾ ਹੈ, ਉਥੇ ਆਪਣੀ ਸਿਆਸੀ ਜ਼ਿੰਦਗੀ ਦਾਅ 'ਤੇ ਲੱਗੇ ਹੋਣ ਕਰਕੇ ਤਿੰਨੇਂ ਭਰਾਵਾਂ ਵੱਲੋਂ ਇੱਕ ਦੂਸਰੇ ਨੂੰ ਢਹਿ-ਢੇਰੀ ਕਰਨ ਲਈ ਠੰਡ ਅਤੇ ਸੰਘਣੇ ਕੋਹਰੇ ਦੀ ਪਰਵਾਹ ਨਹੀਂ ਕੀਤੀ ਜਾ ਰਹੀ।
            ਸੰਘਣੇ ਕੋਹਰੇ ਦੇ ਬਾਵਜੂਦ ਅਕਾਲੀ ਦਲ ਦੇ 86 ਸਾਲਾ ਉਮੀਦਵਾਰ ਸ: ਪ੍ਰਕਾਸ਼ ਸਿੰਘ ਬਾਦਲ, ਕਾਂਗਰਸ ਦੇ ਉਮੀਦਵਾਰ ਸ. ਮਹੇਸ਼ਇੰਦਰ ਸਿੰਘ ਬਾਦਲ ਅਤੇ ਪੀ.ਪੀ.ਪੀ. ਦੇ ਦੇ ਉਮੀਦਵਾਰ ਸ: ਗੁਰਦਾਸ ਸਿੰਘ ਬਾਦਲ ਨੇ ਲੰਬੀ ਹਲਕੇ ਦੇ ਦੂਰ-ਦਰਾਜ ਦੇ ਪਿੰਡਾਂ ਵਿਚ ਵੱਡੇ ਪੱਧਰ 'ਤੇ ਚੋਣ ਮੁਹਿੰਮ ਵਿੱਢੀ ਹੋਈ ਹੈ ਤੇ ਪਿੰਡਾਂ ਵਿਚ ਲਗਾਤਾਰ ਚੋਣ ਜਲਸੇ ਕੀਤੇ ਜਾ ਰਹੇ ਹਨ। ਉਂਝ ਕੋਹਰੇ ਕਰਕੇ ਚੋਣ ਪ੍ਰਚਾਰ ਵਿਚ ਰੁੱਝੇ ਉਮੀਦਵਾਰਾਂ ਦੇ ਕਾਫ਼ਲਿਆਂ ਨੂੰ ਆਵਾਜਾਈ ਵਿਚ ਕਾਫ਼ੀ ਦਿੱਕਤਾਂ ਵੀ ਦਰਪੇਸ਼ ਆ ਰਹੀਆਂ ਹਨ।
               ਭਾਵੇਂ ਤਿੰਨੇ ਉਮੀਦਵਾਰਾਂ ਨਾਲ ਚੱਲ ਰਹੇ ਵਰਕਰਾਂ 'ਚ ਚੋਣ ਪ੍ਰਚਾਰ ਪ੍ਰਤੀ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ ਪਰ ਫਿਰ ਉਨ੍ਹਾਂ ਦੇ ਚਿਹਰਿਆਂ 'ਤੇ ਤਿੱਖੀ ਠੰਡ ਦਾ ਅਸਰ ਕਿਤੇ ਨਾ ਕਿਤੇ ਵਿਖਾਈ ਦਿੰਦਾ ਹੈ। ਇਸਦੇ ਬਾਵਜੂਦ 85 ਸਾਲਾ ਅਕਾਲੀ ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਆਪਣੇ ਭਰਾਵਾਂ ਦੇ ਚੱਕਰਵਿਊ ਤੋਂ ਬਚਣ ਖਾਤਰ ਠੰਡ ਨੂੰ ਦਰਕਿਨਾਰਰ ਕਰਕੇ ਸਵੇਰੇ ਤੋਂ ਰਾਤ ਤੱਕ ਕਾਂਗਰਸ ਅਤੇ ਪੀ.ਪੀ.ਪੀ. ਨੂੰ ਕੋਸਦੇ ਹੋਏ ਸਿਆਸੀ ਸ਼ਰੀਕਾਂ 'ਤੇ ਅਸਿੱਧੇ ਵਾਰ ਕਰਕੇ ਖੁਦ ਨੂੰ ਗਰਮੀ ਦੇ ਰਹੇ ਹਨ। ਉਹ ਕੁੜਤੇ-ਪਜਾਮੇ ਦੀ ਰਵਾਇਤੀ ਪੌਸ਼ਾਕ ਦੇ ਨਾਲ ਬਿਨ੍ਹਾਂ ਬਾਹਾਂ ਵਾਲੀ ਜਾਕੇਟ ਦੇ ਉੱਪਰੋਂ ਲੋਂਗ ਕੋਟ ਅਤੇ ਹੱਥਾਂ ਵਿਚ ਦਸਤਾਨੇ ਅਤੇ ਪੈਰਾਂ 'ਚ ਗਰਮ ਜ਼ੁਰਾਬਾਂ ਪਹਿਨਣ ਨੂੰ ਤਰਜੀਹ ਦਿੰਦੇ ਹਨ, ਉਥੇ ਮੁੱਖ ਮੰਤਰੀ ਦੇ ਛੋਟੇ ਭਰਾ ਅਤੇ ਪੀ.ਪੀ.ਪੀ. (ਸਾਂਝਾ ਮੋਰਚਾ) ਦੇ ਉਮੀਦਵਾਰ ਸ. ਗੁਰਦਾਸ ਸਿੰਘ ਬਾਦਲ ਵੀ ਸਫ਼ੈਦ ਕੁੜਤੇ -ਪਜਾਮੇ ਅਤੇ ਲੋਂਗ ਕੋਟ ਨੂੰ ਠੰਡ ਤੋਂ ਬਚਾਅ ਲਈ ਵਰਤਦੇ ਹਨ, ਪਰ ਉਹ ਭਾਰੀ ਠੰਡ ਦੇ ਬਾਵਜੂਦ ਦਸਤਾਨੇ ਵਗੈਰਾ ਪਹਿਨਣ ਤੋਂ ਗੁਰੇਜ਼ ਕਰਦੇ ਹਨ। ਉਨ੍ਹਾਂ ਦੇ ਰਵਾਇਤੀ ਅੰਦਾਜ਼ ਦਿੱਤੇ ਭਾਸ਼ਨਾਂ ਵਿਚ ਅਕਾਲੀ ਦਲ 'ਤੇ ਤਿੱਖੇ ਹਮਲੇ ਅਤੇ ਅਕਾਲੀ ਲਫਟੈਨਾਂ ਦੀ ਮੰਦੀਆਂ ਕਾਰਗੁਜਾਰੀਆਂ ਦਾ ਖਾਸਾ ਜ਼ਿਕਰ ਹੁਦਾ ਹੈ ਜਿਹੜਾ ਆਰਥਿਕ ਮੰਦਹਾਲੀ 'ਚ ਖੁੱਭੇ ਲੋਕਾਂ ਨੂੰ ਕਾਫ਼ੀ ਸੁਖਾਵਾਂਪਨ ਅਤੇ  ਗਰਮਾਹਟ ਦੇਣ ਵਾਲਾ ਹੁੰਦਾ ਹੈ।
                 ਇਸ ਸਬੰਧ ਵਿਚ ਜਦੋਂ 82 ਸਾਲਾ ਦਾਸ ਹੁਰਾਂ ਤੋਂ ਚੋਣ ਪ੍ਰਚਾਰ 'ਤੇ ਠੰਡ ਅਤੇ ਕੋਹਰੇ ਦੇ ਅਸਰ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ''ਚੋਣ ਪ੍ਰਚਾਰ ਠੰਡ ਤੋਂ ਬਚਾਅ ਲਈ ਵਿਲਾਇਤੀ ਕੋਟ (ਚੈਸਟਰ) ਨੂੰ ਪਾਉਂਦੇ ਹਨ। ਜਿਹੜਾ ਉਨ੍ਹਾਂ ਨੂੰ ਬਾਦਲ ਸਾਬ੍ਹ (ਪਾਸ਼) ਨੇ ਬਾਹਰੋਂ ਲਿਆ ਕੇ ਦਿੱਤਾ ਸੀ। ਦਾਸ ਹੁਰਾਂ ਨੇ ਹੱਸਦਿਆਂ ਕਿਹਾ ਕਿ ਹੁਣ ਇਹੋ ਵਿਲਾਇਤੀ ਕੋਟ ਵੱਡੇ ਬਾਦਲ ਸਾਬ੍ਹ ਲਈ ਹੀ ਬਾਹਵਾ ਕੰਮ ਆ ਰਿਹੈ।
               ਜਦੋਂਕਿ ਪਾਸ਼ ਅਤੇ ਦਾਸ ਦੇ ਉਲਟ ਕੜਾਕੇ ਦੀ ਠੰਡ ਦੇ ਬਾਵਜੂਦ 52 ਸਾਲਾ ਕਾਂਗਰਸੀ ਉਮੀਦਵਾਰ ਸ. ਮਹੇਸ਼ਇੰਦਰ ਸਿੰਘ ਬਾਦਲ ਚੋਣ ਪ੍ਰਚਾਰ ਦੌਰਾਨ ਇੱਕ ਸਧਾਰਨ ਕਿਸਾਨ ਵਾਂਗ ਆਪਣੇ ਰੋਜ਼ਾਨਾ ਦੇ ਪਹਿਰਾਵੇ ਕੁੜਤੇ ਪਜਾਮੇ ਅਤੇ ਵਗੈਰ ਜੁਰਾਬਾਂ ਤੋਂ ਦੇਸੀ ਜੁੱਤੀ ਪਹਿਨਦੇ ਹਨ। ਜਦੋਂਕਿ ਉਨ੍ਹਾਂ ਵੱਲੋਂ ਤਿੱਖੀ ਠੰਡ ਤੋਂ ਬਚਾਅ ਲਈ ਸਿਰਫ਼ ਇੱਕ ਸਵੈਟਰ ਅਤੇ ਇੱਕ ਲੋਈ ਦੀ ਬੁੱਕਲ ਨੂੰ ਗਰਮ ਡਰੈੱਸ ਵਜੋਂ ਵਰਤਿਆ ਜਾਂਦਾ ਹੈ। ਜਿਨ੍ਹਾਂ ਦੀ ਸਾਊ ਅਤੇ ਨਿਮਰਤਾ ਭਰੀ ਤਕਰੀਰ ਵਿਚ ਕੈਪਟਨ ਸਰਕਾਰ ਦੇ ਵੱਲੋਂ ਪਾਣੀਆਂ ਨੂੰ ਬਚਾਉਣ ਲਈ ਪਾਸ ਕੀਤੇ ਮਤੇ ਅਤੇ ਸੇਮ ਦੀ ਸਮੱਸਿਆ ਦੇ ਜ਼ਿਕਰ ਤੋਂ ਇਲਾਵਾ ਅਕਾਲੀ ਸਰਕਾਰ ਦੌਰਾਨ ਹੋਈਆਂ ਧੱਕੇਸ਼ਾਹੀਆਂ ਅਤੇ ਸ਼ਗੁਨ ਸਕੀਮ, ਪੈਨਸ਼ਨ ਅਤੇ ਸਰਕਾਰੀ ਫੰਡਾਂ ਵਿਚ ਦਰਵਰਤੋਂ ਜਿਹੇ ਨੁਕਤੇ  ਮੁੱਖ ਵਿਸ਼ਾ ਹੁੰਦੇ ਹਨ।
                 ਕਾਂਗਰਸ ਉਮੀਦਵਾਰ ਵਜੋਂ ਪਿੰਡਾਂ 'ਚ ਚੋਣ ਪ੍ਰਚਾਰ ਦੇ ਪਹਿਲੇ ਹੀ ਦਿਨ ਕੜਾਕੇ ਦੀ ਠੰਡ ਪੈਣ ਬਾਰੇ ਪੁੱਛੇ ਜਾਣ 'ਤੇ ਸ. ਮਹੇਸ਼ਇੰਦਰ ਸਿੰਘ ਬਾਦਲ ਨੇ ਕਿਹਾ ਕਿ ਤਿੱਖੀ ਠੰਡ ਅਤੇ ਸੰਘਣੇ ਕੋਹਰੇ ਨੇ ਚੋਣਾਂ ਦੀ ਗਰਮੀ ਨੂੰ ਕਾਫ਼ੀ ਰੌਚਿਕ ਜਿਹਾ ਮਾਹੌਲ ਪ੍ਰਦਾਨ ਕਰ ਦਿੱਤਾ ਹੈ।
                 ਇਸ ਵਕਾਰੀ ਹਲਕੇ ਵਿਚ ਬਾਦਲ ਖਾਨਦਾਨ ਦੇ ਤਿੰਨ ਭਰਾਵਾਂ ਵਿਚਕਾਰ ਮੁਕਾਬਲੇ ਕਰਕੇ ਆਮ ਜਨਤਾ ਨੂੰ ਐਤਕੀਂ ਠੰਡ ਦੇ ਮੌਸਮ ਵਿਚ ਤਿੰਨੇ ਭਰਾਵਾਂ ਵੱਲੋਂ ਸਿੱਧੀਆਂ-ਅਸਿੱਧੀਆਂ ਸਿਆਸੀ ਨੁਕਤਾਚੀਨੀਆਂ ਰਾਹੀਂ ਗਰਮਾਹਟ ਭਰਿਆ ਮਾਹੌਲ ਮਿਲ ਰਿਹਾ ਹੈ।

1 comment: