09 January 2012

ਮੁੱਖ ਮੰਤਰੀ ਬਾਦਲ ਦੇ ਚੋਣ ਜਲਸੇ ਬਰਾਬਰ ਰੋਸ ਜਲਸਾ


ਹੁਣ ਪ੍ਰਕਾਸ਼ ਸਿੰਘ ਬਾਦਲ ਸਾਹਮਣੇ ਆ ਰਹੀਆਂ ਨੇ ਅਕਾਲੀ ਝੰਡਾਬਰਦਾਰਾਂ ਦੀਆਂ ਬੇਨਿਯਮੀਆਂ ਤੇ ਵਿਤਕਰੇਬਾਜ਼ੀਆਂ


                                                               - ਇਕਬਾਲ ਸਿੰਘ ਸ਼ਾਂਤ -
            ਲੰਬੀ : ਪਿਛਲੇ 5 ਸਾਲਾਂ ਵਿਚ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੌਰਾਨ ਹਲਕੇ ਲੰਬੀ ਵਿਚ ਅਕਾਲੀ ਦਲ ਦੇ ਝੰਡਾਬਰਦਾਰਾਂ ਵੱਲੋਂ ਕੀਤੀਆਂ ਬੇਨਿਯਮੀਆਂ ਤੇ ਵਿਤਕਰੇਬਾਜ਼ੀ ਭਰੀਆਂ ਕਾਰਗੁਜਾਰੀ ਹੁਣ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਸਾਹਮਣੇ ਆ ਰਹੀਆਂ ਹਨ।
         
              ਅੱਜ ਹਲਕੇ ਦੇ ਪਿੰਡ ਮਿਠੜੀ ਬੁੱਧਗਿਰ ਵਿਖੇ ਮੁਆਵਜੇ ਦੀ ਬਾਂਦਰਵੰਡ ਅਤੇ ਹੋਰ ਸਮੱਸਿਆਵਾਂ ਵਿਚ ਪਿੰਡ ਦੇ ਬਹੁਗਿਣਤੀ ਆਬਾਦੀ ਦੀ ਅਣਦੇਖੀ ਦੇ ਖਿਲਾਫ਼ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਚੋਣ ਜਲਸੇ ਸਮੇਂ ਪਿੰਡ ਦੇ  ਦੂਸਰੇ ਹਿੱਸੇ ਵਿਚ ਸੈਂਕੜੇ ਕਿਸਾਨਾਂ ਅਤੇ ਮਜ਼ਦੂਰਾਂ ਮਰਦ-ਔਰਤਾਂ ਵੱਲੋਂ ਵਿਸ਼ਾਲ ਮੁਜਾਹਰਾ ਕਰਕੇ ਆਪਣਾ ਰੋਸ ਪ੍ਰਗਟਾਇਆ ਗਿਆ।

             ਪਿੰਡ ਵਿਚ ਮੁੱਖ ਮੰਤਰੀ ਦੇ ਚੋਣ ਜਲਸੇ ਦੇ ਬਰਾਬਰ ਵਿਤਕਰੇਬਾਜ਼ੀ ਅਤੇ ਅਣਦੇਖੀ ਤੋਂ ਰੋਹ ਵਿਚ ਆਏ ਲੋਕਾਂ ਵੱਲੋਂ ਜਲਸਾ ਕਰਨ ਦੀਸੂਚਨਾ ਮਿਲਣ 'ਤੇ ਵੱਡੀ ਗਿਣਤੀ ਵਿਚ ਪੁਲਿਸ ਅਮਲਾ ਮੌਕੇ 'ਤੇ ਪਹੁੰਚ ਗਿਆ ਅਤੇ ਉਨ੍ਹਾਂ ਦੀ  ਘੇਰੇਬੰਦੀ ਕਰ ਲਈ।

                ਇਸੇ ਦੌਰਾਨ ਪਿੰਡ ਦੇ ਕਿਸਾਨ ਦਲਜੀਤ ਸਿੰਘ, ਬਲਤੇਜ ਸਿੰਘ, ਤਰਸੇਮ ਸਿੰਘ, ਬੁੱਧ ਸਿੰਘ ਉਰਫ਼ ਨੀਲਾ ਰੰਗੜ ਅਤੇ ਜਗਜੀਤ ਸਿੰਘ ਨੇ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਸਰਕਾਰ ਦੌਰਾਨ ਹਾਕਮਾਂ ਵੱਲੋਂ ਪਿੰਡ ਦੇ ਅਜਿਹੇ ਇੱਕਾ-ਦੁੱਕਾ ਸਰਮਾਏਦਾਰਾਂ ਨੂੰ ਚੌਧਰ ਸਾਂਭ ਦਿੱਤੀ ਜਾਂਦੀ ਹੈ। ਜਿਨ੍ਹਾਂ ਵੱਲੋਂ ਆਪਣੇ ਜਗੀਰਦਾਰਾਨਾ ਰਵੱਈਏ ਨਾਲ ਪਿੰਡ ਦੀ ਆਮ ਜਨਤਾ ਨੂੰ ਜਾਨਵਰਾਂ ਤੋਂ ਬਦਤਰ ਸਮਝਿਆ ਜਾਂਦਾ ਹੈ। ਉਨ੍ਹਾਂ ਸੂਬਾ ਸਰਕਰ ਵੱਲੋਂ ਭੇਜੀਆਂ ਕਰੋੜਾਂ ਦੀਆਂ ਗਰਾਟਾਂ ਵਿਚ ਕਥਿਤ ਤੌਰ 'ਤੇ ਵੱਡੀ ਘਪਲੇਬਾਜ਼ੀ ਦੇ ਦੋਸ਼ ਲਾਉਂਦਿਆਂ ਕਿਹਾ ਕਿ ਪਿੰਡ ਦੀ ਜਨਤਾ ਵਿਚ ਸਰਕਾਰੀ ਗਰਾਂਟਾਂ ਦੇ ਸੁਚੱਜੇ ਢੰਗ ਨਾਲ ਨਹੀਂ ਲੱਗਣ ਕਰਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ।
       
            ਬੁਲਾਰਿਆਂ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਮੌਕਾਪ੍ਰਸਤ ਲੋਕਾਂ ਨੂੰ ਪਿੰਡਾਂ ਦੇ ਇੰਚਾਰਜ਼ ਥਾਪ ਕੇ ਆਮ ਜਨਤਾ ਦੇ ਗਲੇ ਘੁੱਟਣ ਜਿਹੀ ਕਾਰਗੁਜਾਰੀਆਂ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਪਿਛਲੇ ਪੰਜ ਵਰ੍ਹਿਆਂ ਦੌਰਾਨ ਆਮ ਜਨਤਾ ਦੀ ਜਾਇਜ਼ ਸਮੱਸਿਆਵਾਂ ਅਤੇ ਮੰਗਾਂ ਅੱਖੋਂ ਪਰੋਖੇ ਕੀਤਾ ਗਿਆ, ਜਦੋਂਕਿ ਅਖੌਤੀ ਇੰਚਾਰਜ਼ਾਂ ਦੇ ਹਰੇਕ ਗੈਰਵਾਜਬ ਹੁਕਮ ਅਤੇ ਧੱਕੇਸ਼ਾਹੀਆਂ ਨੂੰ ਲੋਕਹਿੱਤਾਂ 'ਤੇ ਭਾਰੂ ਰਹੇ।

              ਇਸ ਮੌਕੇ ਮੀਂਹਾਂ ਦੇ ਪ੍ਰਭਾਵਿਤਾਂ ਨਾਲ ਹੋਈ ਵਿਤਕਰੇਬਾਜ਼ੀ 'ਤੇ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਪਿੰਡ ਦੇ ਸਰਮਾਏਦਾਰਾਂ ਵੱਲੋਂ ਪਟਵਾਰੀ ਦੀ ਕਥਿਤ ਮਿਲੀਭੁਗਤ ਨਾਲ ਚਹੇਤਿਆਂ ਅਤੇ ਕੁਨਬੇ ਦਾ ਢਿੱਡ ਭਰਨ ਲਈ ਗੈਰ ਪ੍ਰਭਾਵਿਤਾਂ ਨੂੰ ਮੁਆਵਜ਼ਾ ਸੂਚੀ ਵਿਚ ਸ਼ਾਮਲ ਕਰ ਦਿੱਤਾ ਗਿਆ। ਜਦੋਂਕਿ ਸੈਂਕੜੇ ਪ੍ਰਭਾਵਿਤ ਕਿਸਾਨ-ਮਜ਼ਦੂਰ ਵੱਡੀ ਮਾਰ  ਹੇਠ ਆਉਣ ਦੇ ਬਾਵਜੂਦ ਅਣਗੌਲਿਏ ਕੀਤੇ ਗਏ। ਦਲਜੀਤ ਸਿੰਘ, ਬਲਤੇਜ ਸਿੰਘ ਅਤੇ ਤਰਸਮੇ ਸਿੰਘ ਨੇ ਦੋਸ਼ ਲਾਇਆ ਕਿ ਪਿੰਡ ਵਿਚ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਵਾਟਰ ਵਰਕਸ ਦੀ ਪਾਈਪ ਪਾਈਪ ਨਹੀਂ ਪਾਈ ਗਈ, ਖਾਲਿਆਂ ਦੀ ਪੁਲੀਆਂ ਅਤੇ ਨੱਕਿਆਂ ਨਾ ਬਣਾਉਣ ਤੋਂ ਇਲਾਵਾ ਲੋੜਵੰਦਾਂ ਨੂੰ ਪਖਾਨਿਆਂ ਅਤੇ ਬੀ.ਪੀ.ਐਲ. ਕਾਰਡਾਂ ਤੋਂ ਵਾਂਝਾ ਰੱਖਿਆ ਗਿਆ।
     
         ਪਿੰਡ ਮਿਠੜੀ ਵਿਖੇ ਅਕਾਲੀ ਦਲ ਦੇ ਚੋਣ ਜਲਸੇ ਤੋਂ ਵੱਡਾ ਇਕੱਠ ਰੋਹ ਭਰਪੂਰ ਜਲਸੇ ਵਿਚ ਹੋਣ ਦੀ ਸੂਚਨਾ ਮਿਲਣ 'ਤੇ ਜ਼ਿਲ੍ਹਾ ਵਿਕਾਸ ਕਮੇਟੀ ਦੇ ਚੇਅਰਮੈਨ ਹਰਮੀਤ ਸਿੰਘ ਭੀਟੀਵਾਲਾ ਜਲਸੇ ਵਿਚ ਪੁੱਜਿਆ ਅਤੇ ਲੋਕਾਂ ਦੇ ਰੋਹ ਭਰੇ ਵਿਚਾਰ ਸੁਣੇ।
ਇਸਦੇ ਉਪਰੰਤ ਪਿੰਡ ਦੇ ਅਕਾਲੀ ਆਗੂ ਦੀਆਂ ਊਣਤਾਈਆਂ ਭਰੀਆਂ ਕਾਰਗੁਜਾਰੀਆਂ ਤੋਂ ਤਪੇ ਲੋਕਾਂ ਨੂੰ ਠਾਰ੍ਹਣ ਲਈ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਖੁਦ ਜਲਸੇ ਵਿਚ ਪੁੱਜੇ ਅਤੇ ਲੋਕਾਂ ਦੀਆਂ ਰੋਹ ਭਾਵਨਾਵਾਂ ਅਤੇ ਸਮੁੱਚੀਆਂ ਦੁੱਖ ਤਕਲੀਫ਼ਾਂ ਨੂੰ ਸੁਣਿਆ। ਮੁੱਖ ਮੰਤਰੀ ਨੇ ਪ੍ਰਭਾਵਿਤਾਂ ਨੂੰ ਪੁਰਾਣੇ ਗਿਲੇ ਸ਼ਿਕਵੇ ਅਤੇ ਹੱਡ ਬੀਤੀਆਂ ਨੂੰ ਭੁਲਾ ਕੇ ਉਨ੍ਹਾਂ ਨੂੰ ਵੱੱਡੇ ਫ਼ਰਕ ਨਾਲ ਜਿਤਾਉਣ ਦੀ ਅਪੀਲ ਕੀਤੀ।
       
             ਇੱਥੇ ਜ਼ਿਕਰਯੋਗ ਹੈ ਕਿ ਲੰਬੀ ਹਲਕੇ ਦੇ ਦਰਜਨਾਂ ਪਿੰਡਾਂ ਵਿਚ ਮੀਂਹਾਂ ਤੋਂ ਪ੍ਰਭਾਵਿਤ ਸੈਂਕੜੇ ਪਰਿਵਾਰਾਂ ਦੇ ਨਾਂਅ ਮੁਆਵਜਾ ਸੂਚੀਆਂ ਵਿਚ ਨਾ ਹੋਣ ਕਰਕੇ ਪ੍ਰਭਾਵਿਤ ਕਿਸਾਨਾਂ ਅਤੇ ਮਜ਼ਦੂਰਾਂ ਵਿਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ।

No comments:

Post a Comment