14 January 2012

ਲੰਬੀ ਹਲਕੇ ਦੇ ਪਿੰਡ ਕੱਖਾਂਵਾਲੀ 'ਚ ਡਰੇਨੇਜ਼ ਵਿਭਾਗ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਇਆ

         ਡਰੇਨੇਜ਼ ਵਿਭਾਗ ਦਾ ਕਾਰਾ : ਖੇਤਾਂ ਦੇ ਪਾਣੀ ਦੀ ਨਿਕਾਸੀ ਲਈ ਸ਼ੁਰੂ ਕਰਵਾਇਆ ਕਮਰੇ ਦਾ ਉਸਾਰੀ ਕਾਰਜ
ਨਿਰਮਾਣ ਕਾਰਜ਼ ਨੂੰ ਗਿੱਦੜਬਾਹਾ ਦੇ ਜਨਰਲ ਆਬਜਰਵਰ ਨਾਲ ਤਾਇਨਾਤ 'ਸੰਪਰਕ ਅਫਸਰ' ਦੀ ਛਤਰਤਾਇਆ ਹਾਸਲ
                                                             ਇਕਬਾਲ ਸਿੰਘ ਸ਼ਾਂਤ
ਲੰਬੀ, 14 ਜਨਵਰੀ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚੋਣ ਹਲਕੇ ਲੰਬੀ ਦੇ ਪਿੰਡ ਕੱਖਾਂਵਾਲੀ ਵਿਖੇ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਵੱਲੋਂ ਸੱਤਾ ਪੱਖ ਦੇ ਪ੍ਰਭਾਵ ਹੇਠ ਕਥਿਤ ਤੌਰ 'ਤੇ ਖੁੱਲ•ੇਆਮ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾਉਣ ਦਾ ਮਾਮਲਾ ਨਸ਼ਰ ਹੋਇਆ ਹੈ।
             
           ਇਹ ਸਮੁੱਚੀ ਕਾਰਗੁਜਾਰੀ ਕਥਿਤ ਤੌਰ 'ਤੇ ਡਰੇਨੇਜ਼ ਵਿਭਾਗ ਦੇ ਇੱਕ ਅਜਿਹੇ ਉੱਚ ਅਧਿਕਾਰੀ  ਦੀ ਛਤਰ-ਛਾਇਆ ਹੇਠ ਹੋਣ ਦੀ ਸੂਚਨਾ ਹੈ, ਜਿਸਨੂੰ ਚੋਣ ਕਮਿਸ਼ਨ ਵੱਲੋਂ ਨਾਲ ਖਹਿੰਦੇ ਗਿੱਦੜਬਾਹਾ ਹਲਕੇ ਵਿਚ ਨਿਰਪੱਖ ਚੋਣ ਕਰਵਾਉਣ ਲਈ ਭੇਜੇ ਜਨਰਲ ਆਬਜਰਵਰ ਦੇ ਨਾਲ 'ਸੰਪਰਕ ਅਫਸਰ' ਵਜੋਂ ਤਾਇਨਾਤ ਕੀਤਾ ਗਿਆ ਹੈ।
           
            ਡਰੇਨੇਜ਼ ਵਿਭਾਗ ਦੇ ਫਰੀਦਕੋਟ ਐਟ ਗਿੱਦੜਬਾਹਾ ਡਿਵੀਜਨ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਗੁਲਸ਼ਨ ਨਾਗਪਾਲ ਅਤੇ ਐਸ.ਡੀ.ਓ. ਵਰਿਆਮ ਸਿੰਘ ਦੇ ਅਧੀਨ ਪੈਂਦੇ ਸਬ ਡਿਵੀਜਨ ਦੇ ਅਧੀਨ ਪੈਂਦੇ ਸੈਂਕੜੇ ਏਕੜ ਸੇਮ ਪ੍ਰਭਾਵਿਤ ਜ਼ਮੀਨ ਵਾਲੇ ਪਿੰਡ ਕੱਖਾਂਵਾਲੀ ਦੇ ਖੇਤਾਂ ਵਿਚ ਕਾਫ਼ੀ ਪਾਣੀ ਖੜ੍ਹਾ  ਹੈ। ਅੱਜ ਪੰਜਾਵਾ-ਰੋੜਾਂਵਾਲੀ ਲਿੰਕ ਡਰੇਨ ਦੀ ਬੁਰਜੀ ਨੰਬਰ 37700 ਦੇ ਨਜ਼ਦੀਕ ਪੈਂਦੇ ਇਸੇ ਵਾਹੀਯੋਗ ਰਕਬੇ ਵਿਚ ਖੜ੍ਹੇ ਪਾਣੀ ਨੂੰ ਡਰੇਨ ਵਿਚ ਸੁੱਟਣ ਵਾਸਦੇ ਬਿਜਲੀ ਮੋਟਰ ਲਾਉਣ ਇੱਕ ਖੇਤ ਵਿਚ ਕੁਝ ਮਜ਼ਦੂਰ ਵੱਲੋਂ ਕਮਰਾ ਬਣਾਉਣ ਲਈ ਨੀਂਹਾਂ ਦੀ ਪੁਟਾਈ ਸ਼ੁਰੂ ਕੀਤੀ ਜਾ ਰਹੀ ਸੀ। ਜਿਸਦੇ ਨਜ਼ਦੀਕ ਬਰੇਤੀ ਨਾਲ ਲੱਦਿਆ ਇੱਕ ਟਰੈਕਟਰ-ਟਰਾਲੀ ਵੀ ਖੜ੍ਹਾ ਸੀ ਅਤੇ ਦੋ-ਤਿੰਨ ਢੇਰ ਬਜਰੀ ਵੀ ਪਈ ਸੀ। ਜਿਸਨੂੰ ਕੁਝ ਸਮਾਂ ਪਹਿਲਾਂ ਇੱਕ ਟਰੈਕਟਰ ਲਾਹ ਕੇ ਗਿਆ ਸੀ।
          
            ਡਰੇਨੇਜ਼ ਵਿਭਾਗ ਵੱਲੋਂ ਚੋਣ ਜ਼ਾਬਤੇ ਦੀਆਂ ਦਿਨ-ਦਹਾੜੇ ਧੱਜੀਆਂ ਉਡਾਉਣ ਦੀਆਂ ਸੂਚਨਾ ਮਿਲਣ 'ਤੇ ਪੱਤਰਕਾਰਾਂ ਨੇ ਵੇਖਿਆ ਕਿ ਉਥੇ ਬੜੀ ਤੇਜ਼ੀ ਨਾਲ ਤਿੰਨ ਮਜ਼ਦੂਰ ਖੇਤ ਵਿਚ ਖੜ੍ਹੇ ਪਾਣੀ ਨੂੰ ਵੱਟਾਂ ਨਾਲ ਰੋਕ ਕੇ ਇੱਕ ਕਮਰਾ ਉਸਾਰਨ ਲਈ ਉਸਦੀ ਨੀਂਹਾਂ ਲਈ ਖੁਦਾਈ ਕਰ ਰਹੇ ਸਨ, ਉਥੇ ਮੌਕੇ 'ਤੇ ਮੌਜੂਦ ਮੁਨੀਸ਼ ਨਾਂ ਦੇ ਇੱਕ ਵਿਅਕਤੀ ਨੇ ਖੁਦ ਨੂੰ ਬਠਿੰਡਾ ਦੀ ਕਿਸੇ ਕੰਸਟਰਸ਼ਨ ਕੰਪਨੀ ਦਾ ਮੁਨਸ਼ੀ ਦੱਸਦਿਆਂ ਕਿਹਾ ਕਿ ਖੇਤ ਵਿਚ ਖਲੋਤੇ ਇਸ ਪਾਣੀ ਦੀ ਨਿਕਾਸੀ ਲਈ 100 ਫੁੱਟ ਦੇ ਕਰੀਬ ਪਲਾਸਟਿਕ ਪਾਈਪ ਪਾ ਕੇ ਮੋਟਰ ਰਾਹੀਂ ਪਾਣੀ ਨੂੰ ਡਰੇਨ ਵਿਚ ਸੁੱਟਿਆ ਜਾਵੇਗਾ।

            ਜਦੋਂ ਮੁਨੀਸ਼ ਕੁਮਾਰ ਤੋਂ ਉਕਤ ਕੰਮ ਬਾਰੇ ਟੈਂਡਰ ਹੋਣ ਬਾਰੇ ਪੁੱਛਿਆ ਗਿਆ ਤਾਂ ਉਸਨੇ ਪਹਿਲਾਂ ਟਾਲਣ ਦੀ ਕੋਸ਼ਿਸ਼ ਕੀਤੀ ਪਰ ਬਾਅਦ ਵਿਚ ਖਹਿੜਾ ਛੁਡਵਾਉਣ ਦੇ ਰੌਂਅ ਵਿਚ ਕਿਹਾ ਕਿ ਕਾਗਜ਼ ਤਾਂ ਬਠਿੰਡੇ ਪਏ ਹਨ। ਨਾਲ ਹੀ ਬੈਠੇ ਮਿਸਤਰੀ ਜਾਪਦੇ ਇੱਕ ਹੋਰ ਵਿਅਕਤੀ ਨੇ ਉੱਪਰੋਂ ਪੋਚਾ ਮਾਰਨ ਦੇ ਰੌਂਅ ਵਿਚ ਕਿਹਾ ਕਿ ਵੋਟਾਂ ਕਰਕੇ ਹੁਣ ਅਸੀਂ ਨਵਾਂ ਕੰਮ ਨਹੀਂ ਸ਼ੁਰੂ ਕਰ ਸਕਦੇ। ਜਦੋਂ ਉਸਨੂੰ ਪੁੱਛਿਆ ਗਿਆ ਕਿ ਇੱਥੇ ਤਾਂ ਤੁਸੀਂ ਨਵਾਂ ਕੰਮ ਸ਼ੁਰੂ ਕਰ ਰਹੇ ਹਾਂ। ਉਸੇ ਦੌਰਾਨ ਦੋਵੇਂ ਜਣਿਆਂ ਨੇ ਨਹੀਂ ਜੀ, ਤੁਹਾਨੂੰ ਐਵੇਂ ਭੁਲੇਖਾ ਸਾਡਾ ਤਾਂ ਪੁਰਾਣਾ ਕੰਮ ਚੱਲ ਰਿਹਾ ਹੈ।
             
             ਪਿੰਡ ਦੇ ਕਿਸਾਨ ਦਰਸ਼ਨ ਰਾਮ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਲਗਭਗ 300 ਏਕੜ ਰਕਬਾ ਕਈ ਵਰਿ•ਆਂ ਤੋਂ ਸੇਮ ਦੀ ਮਾਰ ਹੇਠ ਹੈ। ਅੱਜ ਤੱਕ ਸਰਕਾਰ ਵੱਲੋਂ ਸੇਮ ਕੱਢਣ ਲਈ ਲਿੰਕ ਡਰੇਨ ਬਣਾਉਣ ਦੇ ਬਾਅਦ ਗੰਭੀਰਤਾ ਨਾਲ ਅਜਿਹਾ ਕੋਈ ਉਪਰਾਲਾ ਨਹੀਂ ਕੀਤਾ ਗਿਆ ਲੂਤਾਂ ਜੋ ਪਿੰਡ ਦਾ ਸੇਮ ਪ੍ਰਭਾਵਿਤ ਰਕਬਾ ਪੁਨਰ ਸੁਰਜੀਤ ਹੋ ਸਕੇ।
ਇੱਥੇ ਜ਼ਿਕਰਯੋਗ ਹੈ ਕਿ ਡਰੇਨੇਜ਼ ਵਿਭਾਗ ਦੇ ਫਰੀਦਕੋਟ ਐਟ ਗਿੱਦੜਬਾਹਾ ਡਿਵੀਜਨ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਗੁਲਸ਼ਨ ਨਾਗਪਾਲ ਨੂੰ ਚੋਣ ਕਮਿਸ਼ਨ ਵੱਲੋਂ ਹਲਕਾ ਗਿੱਦੜਬਾਹਾ ਲਈ ਜਨਰਲ ਅਬਜਰਵਰ ਵਜੋਂ ਤਾਇਨਾਤ ਕੀਤੇ ਸ੍ਰੀ ਅਰੁਣ ਪਾਂਡਾ (ਆਈ.ਏ.ਐਸ.) ਦੇ ਨਾਲ ਸੰਪਰਕ ਅਫ਼ਸਰ ਵਜੋਂ ਤੈਨਾਤ ਕੀਤਾ ਗਿਆ ਹੈ।
       
               ਜਦੋਂ ਦਰਸ਼ਨ ਰਾਮ ਨੂੰ ਪਿੰਡ ਕੱਖਾਂਵਾਲੀ ਵਿਖੇ ਉਕਤ ਨਿਰਮਾਣ ਕਾਰਜ਼ ਸ਼ੁਰੂ ਹੋਣ ਬਾਰੇ ਪੁੱਛਿਆ ਗਿਆਂ ਤਾਂ ਉਸਨੇ ਉਲਾਂਭੇ ਰੇ ਲਹਿਜ਼ੇ ਵਿਚ ਕਿਹਾ ਕਿ ਵੋਟਾਂ ਕਰਕੇ ਅੱਜ ਪਾਣੀ ਦੀ ਨਿਕਾਸੀ ਲਈ ਪਾਈਪਾਂ-ਪੂਈਪਾਂ ਪਾਉਣ ਲਈ ਆਏ ਹਨ। ਪਹਿਲਾਂ ਤਾਂ ਕਦੇ ਇਨ੍ਹਾਂ ਨੂੰ ਵੇਖਿਆ ਨਹੀਂ ਕਦੇ।
           
             ਇਸੇ ਦੌਰਾਨ ਸਬੰਧਤ ਐਸ.ਡੀ.ਓ. ਵਰਿਆਮ ਸਿੰਘ ਨਾਲ ਸਪੰਰਕ ਕੀਤਾ ਗਿਆ ਤਾਂ ਉਨ੍ਹਾਂ ਨੂੰ ਮੌਕੇ 'ਤੇ ਫੋਟੋਆਂ ਖਿੱਚਣ ਬਾਰੇ ਜਾਣਕਾਰੀ ਮਿਲਣ ਦੀ ਗੱਲ ਕਰਦਿਆਂ ਪਿੰਡ ਕੱਖਾਂਵਾਲੀ ਦੇ ਇੱਕ ਠੇਕੇਦਾਰ 'ਤੇ ਦੋਸ਼ ਮੜ੍ਹਦੇ ਹੋਏ ਕਿਹਾ ਕਿ ਉਸਨੇ ਖੁਦ ਤਾਂ ਟੈਂਡਰ ਲਿਆ ਨਹੀਂ ਅਤੇ ਹੁਣ ਸਾਨੂੰ ਐਵੇਂ ਖ਼ਰਾਬ ਕਰੀ ਜਾਂਦਾ ਹੈ।
             
             ਜਿਸਦੇ ਬਾਅਦ ਡਰੇਨੇਜ਼ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਗੁਲਸ਼ਨ ਨਾਗਪਾਲ ਨੇ ਸੰਪਰਕ ਕਰਨ 'ਤੇ ਸਬੰਧਤ ਐਸ.ਡੀ.ਓ. ਨੂੰ ਕਹਿ ਕੇ ਉਕਤ ਕਾਰਜ ਨੂੰ ਬੰਦ ਕਰਵਾਉਣ ਦੀ ਗੱਲ ਕਰਦਿਆਂ ਇਸ ਖ਼ਬਰ ਨੂੰ ਪ੍ਰਕਾਸ਼ਿਤ ਨਾ ਕਰਨ ਬਾਰੇ ਕਿਹਾ।
            

              ਇਸੇ ਦੌਰਾਨ ਸੀਨੀਅਰ ਕਾਂਗਰਸ ਆਗੂ ਗੁਰਮੀਤ ਸਿੰਘ ਖੁੱਡੀਆਂ ਦੋਸ਼ ਲਾਇਆ ਕਿ ਲੰਬੀ ਹਲਕੇ ਵਿਚ ਸਰਕਾਰੀ ਤੰਤਰ ਅਕਾਲੀ ਦਲ ਦੇ ਪੱਖ ਵਿਚ ਜੁਟਿਆ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਅਬਜਰਵਰ ਦੇ ਨਾਲ ਸੰਪਰਕ ਅਫਸਰ ਵਜੋਂ ਤਾਇਨਾਤ ਅਧਿਕਾਰੀਆਂ ਦੀ ਨੱਕ ਹੇਠ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਉਣਾ ਆਪਣੇ ਆਪ ਵਿਚ ਇੱਕ ਗੰਭੀਰ ਮਾਮਲਾ ਹੈ। ਉਨ੍ਹਾਂ ਚੋਣ ਕਮਿਸ਼ਨ ਤੋਂ ਇਸ ਮਾਮਲੇ ਦੀ ਦੋਸ਼ੀ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਸੰਪਰਕ ਕਰਨ 'ਤੇ ਲੰਬੀ ਹਲਕੇ ਦੇ ਰਿਟਰਨਿੰਗ ਅਫਸਰ ਸ੍ਰੀ ਸੰਦੀਪ ਰਿਸ਼ੀ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਉਪਰੰਤ ਬਣਦੀ ਕਾਰਵਾਈ ਕਾਰਵਾਈ ਕੀਤੀ ਜਾਵੇਗੀ।


No comments:

Post a Comment