03 October 2021

2022 ਲਈ ਉੱਬਲਦੀ ਸਿਆਸਤ 'ਚ ਵੱਡੇ ਬਾਦਲ ਨਿਭਾਉਣਗੇ ਗਰਜਵੀਂ ਭੂਮਿਕਾ



ਇਕਬਾਲ ਸਿੰਘ ਸ਼ਾਂਤ/ਬੁਲੰਦ ਸੋਚ ਬਿਊਰੋ

ਬਠਿੰਡਾ: ਸੂਬਾਈ ਚੋਣ ਲਈ ਉੱਬਲ ਰਹੀ ਪੰਜਾਬ ਦੀ ਸਿਆਸਤ ਵਿਚ ਸੂਬੇ ਦੇ ਰਵਾਇਤੀ ਸ਼ਾਹ-ਅਸਵਾਰ ਅਤੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਵੀ ਗੱਰਜਵਾਂ ਰੋਲ ਨਿਭਾਉਣਗੇ। ਇਸਦੇ ਖੁੱਲ੍ਹੇਆਮ ਸੰਕੇਤ ਦਿੰਦੇ ਅੱਜ ਸਾਬਕਾ ਮੁੱਖ ਮੰਤਰੀ  ਨੇ ਖੁਦ ਆਖ ਦਿੱਤਾ ਕਿ ਉਹ ਆਉਂਦੇ ਦਿਨਾਂ ਵਿਚ ਜਨਤਕ ਜੀਵਨ ਵਿਚ ਹੋਰ ਸਰਗਰਮੀ ਨਾਲ ਵਿਚਰਨਗੇ। 

ਉਨ੍ਹਾਂ ਇਹ ਸੰਕੇਤ ਅੱਜ ਬਠਿੰਡਾ ਵਿਖੇ ਕਿਸਾਨ ਮਾਮਲਿਆਂ ’ਤੇ ਹੋਈ ਅਕਾਲੀ ਦਲ ਦੀ ਰੈਲੀ ਵਿਚ ਆਪਣੇ ਭਾਸ਼ਣ ਅਤੇ ਬਾਅਦ ਵਿਚ ਕੁਝ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਨਾਲ ਸਪਸ਼ਟ ਹੋ ਗਿਆ ਹੈ ਕਿ 2022 ਵਿਚ ਪੰਜਾਬ ਦਾ ਚੋਣ ਰੰਗ ਪਹਿਲਾਂ ਨਾਲੋਂ ਵੀ ਹੋਰ ਬਹੁਰੰਗੀ  ਅਤੇ ਦਿਲਚਸਪ ਹੋਵੇਗਾ। ਸੂਬੇ ਦੇ ਹਾਲਤ ਜੱਗਜਾਹਰ ਹਨ ਕਿ ਤਾਜ਼ਾ-ਤਾਜ਼ਾ ਗੱਦੀ ਤੋਂ ਉੱਤਰੇ ਸਾਬਕਾ ਮੁੱਖ ਮੰਤਰੀ ਵੀ ਨਵੀਂ ਪਾਰਟੀ ਪੰਜਾਬ ਵਿਕਾਸ ਪਾਰਟੀ ਰਾਹੀਂ ਮੁੜ ਤੋਂ ਪੰਜਾਬ ਦਾ 'ਵਿਕਾਸ' ਕਰਨ ਲਈ ਕਾਹਲੇ ਹਨ। 

ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਅਮਰਿੰਦਰ ਸਿੰਘ ਦੇ ਪੁੱਟੇ ਟੋਇਆਂ ਭਰ ਕੇ ਮੁੜ ਤੋਂ ਸਰਕਾਰ ਲਿਆਉਣ ਦੀ ਕੋਸ਼ਿਸ਼ ਵਿਚ ਤਨਦੇਹੀ ਨਾਲ ਜੁਟੇ ਹੋਏ ਹਨ, ਉਥੇ ਆਮ ਆਦਮੀ ਪਾਰਟੀ ਦੇ ਮੁਫਤ ਬਿਜਲੀ ਵਾਲੇ ਦਾਅਵਿਆਂ ਨੂੰ ਬਹੁਤਾ ਬੂਰ ਪੈਂਦਾ ਨਹੀਂ ਨਜਰ ਆ ਰਿਹਾ। ਅਕਾਲੀ-ਬਸਪਾ ਗਠਜੋੜ ਵੱਲੋਂ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗੁਵਾਈ ਹੇਠ ਲਗਭਗ ਹਰ ਮੁੱਦੇ 'ਤੇ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਪੰਜਾਬ ਕਾਂਗਰਸ ਦੇ ਪਰਧਾਨ ਨਵਜੋਤ ਸਿਧੂ, ਆਮ ਆਦਮੀ ਪਾਰਟੀ, ਭਾਜਪਾ ਅਤੇ ਹੋਰ ਕਈ ਦਲ ਆਪੋ ਆਪਣੀ ਵਾਹ ਲਗਾ ਰਹੇ ਹਨ.ਇਨ੍ਹਾਂ  ਸਭ ਵਿਚਕਾਰ ਕਿਸਾਨ ਸੰਘਰਸ਼ ਆਪਣੇ ਤਿੱਖੇ ਰੰਗ ਵਿਖਾ ਰਿਹਾ ਹੈ। 

ਬਠਿੰਡਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਵੱਡੇ ਬਾਦਲ ਨੇ ਕਿਹਾ ਕਿ ਉਮਰ ਅਤੇ ਸਿਹਤ ਦੀ ਪਰਵਾਹ ਨਹੀਂ, ਮੈਂ ਪੰਜਾਬੀਆਂ ਖਾਸ ਤੌਰ ’ਤੇ ਕਿਸਾਨਾਂ ਵਾਸਤੇ ਆਪਣੀ ਕੁਰਬਾਨੀ ਦੇਣ ਲਈ ਵੀ ਤਿਆਰ ਹਾਂ। ਉਹਨਾਂ ਕਿਹਾ ਕਿ ਮੈਂ ਦਬਾਅ ਝੱਲ ਸਕਦਾ ਹਾਂ ਅਤੇ ਚੁਣੌਤੀਆਂ ਨਾਲ ਲੜ ਸਕਦਾ ਹਾਂ। ਅਨਿਆਂ, ਜ਼ਬਰ ਅਤੇ ਵਿਤਕਰੇ ਖਿਲਾਫ ਆਪਣੇ ਲੋਕਾਂ ਦਾ ਬਚਾਅ ਕਰ ਸਕਦਾ ਹਾਂ।

ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਨੂੰ 94 ਸਾਲ ਦੀ ਵਡੇਰੀ ਉਮਰ ਕਰਕੇ ਕੋਰੋਨਾ ਮਹਾਮਾਰੀ ਦੌਰਾਨ ਕਾਫੀ ਸਮਾਂ ਡਾਕਟਰੀ ਸ੍ਲਾਹ 'ਤੇ ਏਕਾਂਤਵਾਸ ਵਿਚ ਲੰਘਾਉਣਾ ਪਿਆ ਇਸ ਸਭ ਦੇ ਬਾਵਜੂਦ ਉਹ ਸਰਗਰਮ ਸਿਆਸਤ ਵਿਚ ਭੂਮਿਕਾ ਨਿਭਾਉਂਦੇ ਆ ਰਹੇ ਹਨ ਅਤੇ ਹੁਣ ਲੋਕਾਂ ਨੂੰ ਮਿਲਦੇ ਹਨ। ਰਵਾਇਤੀ ਸੀਟ ਲੰਬੀ ਤੋਂ ਵੀ ਚੋਣ ਲੜ੍ਹਨ ਬਾਰੇ ਉਨ੍ਹਾਂ ਦੀ ਚੁੱਪੀ ਨੇ ਵਿਰੋਧੀਆਂ ਨੂੰ ਉੱਸਲਵੱਟੇ ਪਾਏ ਹੋਏ ਹਨ। ਉਨ੍ਹਾਂ ਦੇ ਤਾਜ਼ਾ ਸੰਕੇਤਾਂ ਨਾਲ ਸੂਬਾ ਪੱਧਰ ਦੀ ਸਿਆਸਤ ਵਿਚ ਨਵੇਂ ਰੰਗ ਵੇਖਣ ਨੂੰ ਮਿਲਣਗੇ। 

No comments:

Post a Comment