06 October 2021

ਜਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਝੱਖੜ-ਮੀਂਹ ਨਾਲ ਝੋਨਾ ਤੇ ਨਰਮੇ ਦੀ ਫ਼ਸਲ ਬਰਬਾਦ, ਬਾਦਲ ਨੇ ਪ੍ਰਭਾਵਿਤ ਕਿਸਾਨਾਂ ਲਈ ਵਿਸ਼ੇਸ਼ ਗਿਰਦਾਵਰੀ ਅਤੇ ਮੁਆਵਜਾ ਮੰਗਿਆ


 - ਲੰਬੀ ਹਲਕਾ ਅਤੇ ਮਲੋਟ ਬਲਾਕ ਦੇ ਵੱਡੀ ਗਿਣਤੀ ਪਿੰਡਾਂ ਅਤੇ ਗਿੱਦੜਬਾਹਾ ਦੇ 20 ਪਿੰਡਾਂ ’ਚ ਝੋਨੇ ਤੇ ਨਰਮੇ ਦਾ ਫ਼ਸਲਾਂ ਦਾ ਵੱਡਾ ਨੁਕਸਾਨ

- ਮਲੋਟ ਸਬ ਡਿਵੀਜਨ ’ਚ 25 ਸੌ ਏਕੜ ਫ਼ਸਲੀ ਰਕਬਾ ਪ੍ਰਭਾਵਿਤ

ਇਕਬਾਲ ਸਿੰਘ ਸ਼ਾਂਤ

ਲੰਬੀ, 5 ਅਕਤੂਬਰ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਖੇਤਰ ਵਿੱਚ ਝੱਖੜ ਅਤੇ ਮੀਂਹ ਨਾਲ ਬਾਸਮਤੀ ਝੋਨਾ ਅਤੇ ਨਰਮੇ ਦੀਆਂ ਫ਼ਸਲ ਦੇ ਵੱਡੇ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਅਤੇ ਕਿਸਾਨਾਂ ਲਈ ਤੁਰੰਤ ਮੁਆਵਜੇ ਮੰਗਿਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਮਲੋਟ ਸਬ-ਡਿਵੀਜਨ ’ਚ ਕੱਲ ਮੀਂਹ ਅਤੇ ਝੱਖੜ ਕਾਰਨ ਪੱਕੀਆਂ ਤਿਆਰ ਫ਼ਸਲਾਂ ਵਾਲਾ ਕਰੀਬ 25 ਸੌ ਏਕੜ ਰਕਬਾ ਪ੍ਰਭਾਵਿਤ ਹੋਇਆ ਹੈ। ਫ਼ਸਲਾਂ ’ਚ ਪਾਣੀ ਵੀ ਖੜਾ ਦੱਸਿਆ ਜਾ ਰਿਹਾ ਹੈ। 

ਲੰਬੀ ਹਲਕੇ ਦੇ ਅਧੀਨ ਪੈਂਦੇ ਬਲਾਕ ਮਲੋਟ ਦੇ ਵੱਡੀ ਗਿਣਤੀ ਪਿੰਡਾਂ ਦੇ ਇਲਾਵਾ ਬਲਾਕ ਲੰਬੀ ਦੇ ਪਿੰਡ ਬਲੋਚਕੇਰਾ, ਭਾਈਕੇਰਾ, ਮਾਹਣੀਖੇੜਾ, ਡੱਬਵਾਲੀ ਮੱਲਕੋ ਕੀ, ਅਰਨੀਵਾਲਾ ਵਜੀਰਾ, ਫੁੱਲੂਖੇੜਾ, ਕੰਗਣਖੇੜਾ, ਭੀਟੀਵਾਲਾ, ਕੱਖਾਂਵਾਲੀ, ਲਾਲਬਾਈ, ਥਰਾਜਵਾਲਾ, ਚੰਨੂ ਅਤੇ ਤੱਪਾਖੇੜਾ ਵਿਚ ਵੀ ਮੀਂਹ ਅਤੇ ਝੱਖੜ ਕਾਰਨ ਫ਼ਸਲਾਂ ਦਾ ਵੱਡਾ ਨੁਕਸਾਨ ਹੈ।

ਸਾਬਕਾ ਮੁੱਖ ਮੰਤਰੀ ਸ੍ਰੀ ਬਾਦਲ ਨੇ ਕਿਹਾ ਕਿ ਪਹਿਲਾਂ ਹੀ ਗੁਲਾਬੀ ਸੁੰਡੀ ਕਾਰਨ ਨਰਮਾ ਪੱਟੀ ਦੇ ਕਿਸਾਨਾਂ ਦੀ ਫ਼ਸਲਾਂ ਬਰਬਾਦ ਹੋ ਗਈਆਂ ਹਨ, ਹੁਣ ਇਸ ਮੀਂਹ ਅਤੇ ਝੱਖੜ ਨੇ ਬਾਕੀ ਰਹਿੰਦੀ ਕਸਰ ਵੀ ਪੂਰੀ ਕਰ ਦਿੱਤੀ। ਉਨਾਂ ਪੰਜਾਬ ਸਰਕਾਰ ਤੋਂ ਕੱਲ ਸ਼ਾਮ ਦੇ ਝੱਖੜ ਕਰਕੇ ਫ਼ਸਲਾਂ ਦੇ ਖਰਾਬੇ ਦੇ ਪ੍ਰਭਾਵਿਤ ਰਕਬਿਆਂ ਦੀ ਤੁਰੰਤ ਗਿਰਦਾਵਰੀ ਦੀ ਮੰਗ ਕੀਤੀ ਅਤੇ ਆਖਿਆ ਕਿ  ਨੁਕਸਾਨ ਦਾ ਇਕਮੁਸ਼ਤ ਮੁਆਵਜ਼ਾ ਤੁਰੰਤ ਜਾਰੀ ਕਰਕੇ ਪੀੜਤ ਕਿਸਾਨਾਂ ਨੂੰ ਰਾਹਤ ਪਹੁੰਚਾਈ ਜਾਵੇ। ਸ੍ਰੀ ਬਾਦਲ ਨੇ ਕਿਹਾ ਕਿ ਮਾਲਵੇ ਦੇ ਇਸ ਖੇਤਰ ਨੇ ਸੇਮ ਕਰਕੇ ਵੱਡਾ ਸੰਤਾਪ ਹੰਢਾਇਆ ਹੈ। ਸੂਬਾ ਸਰਕਾਰ ਕਿਸਾਨਾਂ ਦੀ ਮੁਸ਼ਕਿਲਾਂ ਨੂੰ ਗੰਭੀਰਤਾ ਨਾਲ ਮਹਿਸੂਸ ਕਰਕੇ ਛੇਤੀ ਯੋਗ ਕਦਮ ਉਠਾਏ। 
ਕਿਸਾਨਾਂ ਮੁਤਾਬਕ ਮੁੱਢਲੇ ਅੰਦਾਜ਼ੇ ’ਚ 30 ਤੋਂ 35 ਫ਼ੀਸਦੀ ਨੁਕਸਾਨ ਦਾ ਅਨੁਮਾਨ ਹੈ। ਖੇਤੀਬਾੜੀ ਵਿਭਾਗ ਮੁਤਾਬਕ ਸਬ ਡਿਵੀਜਨ ਮਲੋਟ (ਸਮੇਤ ਲੰਬੀ ਹਲਕਾ) ਅਤੇ ਗਿੱਦੜਬਾਹਾ ਹਲਕੇ ’ਚ ਕਰੀਬ 22 ਐਮ.ਐਮ. ਮੀਂਹ ਪਿਆ। ਬਾਕੀ ਹਕੀਕਤ ਫ਼ਸਲਾਂ ’ਚੋਂ ਪਾਣੀ ਸੁੱਕਣ ’ਤੇ ਬਾਹਰ ਆਵੇਗੀ।

ਨਰਮਾ ਚੁਵਾਈ ਦੇ ਸਿਖ਼ਰਲੇ ਮੌਕੇ ਮੀਂਹ ਕਾਰਨ ਨਰਮੇ ਦੀ ਕੁਆਲਿਟੀ ’ਤੇ ਵੱਡਾ ਅਸਰ ਪੈਣ ਕਰਕੇ ਚੰਗੀਆਂ ਕੀਮਤਾਂ ਦੇ ਸੀਜਨ ’ਚ ਨਰਮਾ ਉਤਪਾਦਕ ਕਿਸਾਨਾਂ ਨੂੰ ਆਰਥਿਕ ਨੁਕਸਾਨ ਦਾ ਸ਼ਿਕਾਰ ਹੋਣਾ ਪਵੇਗਾ। ਨਰਮੇ ਦੀ ਕੀਮਤ ਵਿੱਚ ਕੁਆਲਿਟੀ ਅਤੇ ਰੰਗ ਵਗੈਰਾ ਦਾ ਵੱਡਾ ਰੋਲ ਰਹਿੰਦਾ ਹੈ। ਸਰਕਾਰੀ ਸੂਤਰਾਂ ਮੁਤਾਬਕ ਖੇਤਰ ’ਚ ਝੋਨੇ ਅਤੇ ਨਰਮੇ ਦੀਆਂ ਲੰਮੇ ਕੱਦ ਫ਼ਸਲ ਦਾ ਨੁਕਸਾਨ ਹੋਇਆ ਹੈ ਅਤੇ ਫ਼ਸਲ ਦੋਗੀਆਂ ’ਚ ਡਿੱਗ ਪਈ ਹੈ। ਫ਼ਸਲੀ ਨੁਕਸਾਨ ਦੇ ਇਲਾਵਾ ਤਿਆਰ ਨਰਮੇ ਦੀ ਫ਼ਸਲ ਚੁਗਾਈ ਵਿੱਚ ਹਫ਼ਤੇ ਭਰ ਦੀ ਦੇਰੀ ਹੋਵੇਗੀ। ਇਸਦੇ ਇਲਾਵਾ ਮਲੋਟ ਹਲਕੇ ਦੇ ਕਾਫ਼ੀ ਪਿੰਡਾਂ ਪਿੰਡਾਂ ’ਚ ਮੀਂਹ ਕਰਕੇ ਫ਼ਸਲਾਂ ਦਾ ਨੁਕਸਾਨ ਹੋਇਆ ਹੈ।

ਗਿੱਦੜਬਾਹਾ ਹਲਕੇ ਦੇ ਪਿੰਡ ਦੋਲਾ, ਗਿੱਦੜਬਾਹਾ, ਪਿਊਰੀ, ਕੋਟਭਾਈ, ਚੋਟੀਆਂ, ਸਾਹਿਬਚੰਦ, ਸੋਥਾ, ਗੁਰੂਸਰ, ਗਿਲਜੇਵਾਲਾ, ਬੁੱਟਰ ਬਖੂਆ, ਬਬਾਣੀਆਂ, ਬਾਦੀਆਂ, ਕਰਾਈਵਾਲਾ, ਖੁੰਨਣ ਖੁਰਦ, ਗਿਲਜੇਵਾਲਾ, ਚੱਕ ਗਿਲਜੇਵਾਲਾ, ਛੱਤੇਆਣਾ, ਘੱਗਾ, ਫ਼ਕਰਸਰ ਅਤੇ ਥੇੜੀ ਵਿਖੇ ਵੀ ਝੋਨਾ ਅਤੇ ਬਾਸਮਤੀ ਫ਼ਸਲਾਂ ਦਾ ਨੁਕਸਾਨ ਹੋਇਆ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਲੰਬੀ ਹਲਕੇ ਦੇ ਸਰਹੱਦੀ ਪਿੰਡਾਂ ਸਿੰਘੇਵਾਲਾ-ਫਤੂਹੀਵਾਲਾ ਅਤੇ ਘੁਮਿਆਰਾ ਦੇ ਕਈ ਖੇਤਾਂ ’ਚ ਗੁਲਾਬੀ ਸੰੁਡੀ ਦੀ ਮਾਰ ਸਾਹਮਣੇ ਆਈ ਸੀ। ਪਹਿਲਾਂ ਤੋਂ ਖੇਤੀ ਕਾਨੂੰਨਾਂ ਦੇ ਝੰਬੇ ਅਤੇ ਦਿੱਲੀ ਦੀਆਂ ਹੱਦਾਂ ’ਤੇ ਸੰਘਰਸ਼ਸ਼ੀਲ ਕਿਸਾਨਾਂ ਦੀਆਂ ਫ਼ਸਲਾਂ ਦੇ ਝਾੜ ਚੰਗੇ ਹੋਣ ਦੇ ਬਾਵਜੂਦ ਵੱਖ-ਵੱਖ ਕੁਦਰਤੀ ਮਾਰਾਂ ਪੈ ਰਹੀਆਂ ਹੈ।

No comments:

Post a Comment