26 October 2021

‘ਕਲੇਸ਼ ਮੀਟ’ ’ਚ ਉੱਧੜੇ ਭਿ੍ਰਸ਼ਟਾਚਾਰ ਤੋਂ ਸਰਕਾਰ ਹਰਕਤ ’ਚ


ਆੜਤੀਆਂ ਦੀ ਪੰਜ ਮੈਂਬਰੀ ਕਮੇਟੀ ਨਾਲ ਮੀਟਿੰਗ ਕਰਦੇ ਪਨਸਪ ਅਤੇ ਮਾਰਕਫੈੱਡ ਦੇ ਜ਼ਿਲਾ ਮੈਨੇਜਰ। 



* ਖਰੀਦ ਏਜੇਂਸੀਆਂ ਦੇ ਜ਼ਿਲਾ ਮੈਨੈਜਰਾਂ ਵੱਲੋਂ ਮੰਡੀ ਕਿੱਲਿਆਂਵਾਲੀ ਦਾ ਦੌਰਾ; ਪੰਜ ਮੈਂਬਰੀ ਕਮੇਟੀ ਨਾਲ ਮੀਟਿੰਗ

     * ਭਿ੍ਰਸ਼ਟਾਚਾਰ ਬਾਰੇ ਆੜਤੀਆਂ ਨੂੰ ਲਿਖਤੀ ਸ਼ਿਕਾਇਤ ਕਰਨ ਲਈ ਆਖਿਆ


ਇਕਬਾਲ ਸਿੰਘ ਸ਼ਾਂਤ

ਲੰਬੀ: ਮੰਡੀ ਕਿੱਲਿਆਂਵਾਲੀ ਵਿਖੇ ਕੱਚਾ ਆੜਤੀਆ ਐਸੋਸੀਏਸ਼ਨ ਦੀ ਹੰਗਾਮਿਆਂ ਭਰੀ ‘ਕਲੇਸ਼ ਮੀਟ’ ਮੌਕੇ ਕੱਲ੍ਹ ਖਰੀਦ ਏਜੰਸੀਆਂ ਦੇ ਵੱਡੇ ਭਿ੍ਰਸ਼ਟਾਚਾਰ ਬਾਰੇ ਉੱਧੜੇ ਪਾਜ਼ ਮੀਡੀਆ ’ਚ ਨਸ਼ਰ ਹੋਣ ’ਤੇ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਸਰਗਰਮ ਹੋ ਗਿਆ ਹੈ। ਪ੍ਰਸ਼ਾਸਨ ਨੇ ਆੜਤ ਤੰਤਰ ਅਤੇ ਖਰੀਦ ਏਜੰਸੀਆਂ ਦੇ ਕੰਮਕਾਜ਼ ’ਚ ਕਥਿਤ ਘਪਲੇਬਾਜ਼ੀ ਦੀ ਪੜਤਾਲ ਵਿੱਢ ਦਿੱਤੀ ਹੈ। ਅੱਜ ਪਨਸਪ ਦੇ ਜ਼ਿਲਾ ਮੈਨੇਜਰ ਮਾਨਵ ਜਿੰਦਲ ਅਤੇ ਮਾਰਕਫੈੱਡ ਦੇ ਜ਼ਿਲਾ ਮੈਨੇਜਰ ਮੁਨੀਸ਼ ਗਰਗ ਨੇ ਦਾਣਾ ਮੰਡੀ, ਮੰਡੀ ਕਿੱਲਿਆਂਵਾਲੀ ਵਿਖੇ ਦੌਰਾ ਕੀਤਾ। ਉੁਨਾਂ ਕੱਚਾ ਆੜਤੀਆ ਐਸੋਸੀਏਸ਼ਨ ਦੇ ਨਵਗਠਿਤ ਪੰਜ ਮੈਂਬਰੀ ਕਮੇਟੀ ਦੇ ਕਈ ਮੈਂਬਰਾਂ ਨਾਲ ਮੀਟਿੰਗ ਕੀਤੀ। 

 ਸੂਤਰਾਂ ਮੁਤਾਬਕ ਚੰਨੀ ਸਰਕਾਰ ਕਿਸਾਨਾਂ ਦੀ ਫ਼ਸਲ ਖਰੀਦ ’ਚ ਘਪਲੇਬਾਜ਼ੀ ਅਤੇ ਊਣਤਾਈਆਂ ਪ੍ਰਤੀ ਬੇਹੱਦ ਗੰਭੀਰ ਹੈ। ਸਰਕਾਰ ਨੇ ਮਾਮਲੇ ਦੀ ਤਹਿ ’ਤੇ ਪੁੱਜ ਕੇ ਸਰਹੱਦੀ ਮੰਡੀ ’ਚ ਘਪਲੇਬਾਜ਼ੀਆਂ ’ਤੇ ਨੱਥ ਕਸਣ ਦੇ ਨਿਰਦੇਸ਼ ਦਿੱਤੇ ਹਨ। ਸਰਕਾਰ ਕੋਲ ਫ਼ਸਲ ਖਾਲੀ ਭਰੀ ਖਰੀਦ ਕਰਨ ਵਾਲੇ ਆੜਤੀਆਂ ਅਤੇ ਜਥੇਬੰਦੀ ਦੀ ਓਟ ’ਚ ਰੁਪਏ ਹੜੱਪਣ ਵਾਲੇ ਸਫ਼ੈਦਪੋਸ਼ਾਂ ਦੀ ਸੂਚੀ ਪੁੱਜ ਗਈ ਹੈ। ਇੱਥੇ ਪਨਸਪ ਦੇ ਖਾਤਿਆਂ ’ਚ 25 ਹਜ਼ਾਰ ਕੁਇੰਟਲ ਝੋਨੇ ਦੀ ਆਵਕ ਵਿੱਚੋਂ 21500 ਕੁਇੰਟਲ ਦੀ ਖਰੀਦ ਹੋ ਚੁੱਕੀ ਹੈ। ਮਾਰਕਫੈੱਡ ਵੱਲੋਂ 25-27 ਹਜ਼ਾਰ ਝੋਨੇ ਦੀ ਆਵਕ ਵਿੱਚੋਂ 25 ਹਜ਼ਾਰ ਕੁਇੰਟਲ ਝੋਨੇ ਦੀ ਖਰੀਦ ਹੋ ਚੁੱਕੀ ਹੈ। 

ਕਿਸਾਨਾਂ ਦੀ ਫ਼ਸਲ ਖਰੀਦ ’ਚ ਭਿ੍ਰਸ਼ਟਾਚਾਰ ਸਾਹਮਣੇ ਆਉਣ ਮਗਰੋਂ ਸੂਹੀਆ ਵਿੰਗ ਵੀ ਸਰਗਰਮ ਹੋ ਗਿਆ ਹੈ। ਜ਼ਿਕਜਯੋਗ ਹੈ ਕਿ ਕੱਲ ਕੱਚਾ ਆੜਤੀਆ ਐਸੋਸੀਏਸ਼ਨ ਮੰਡੀ ਕਿੱਲਿਆਂਵਾਲੀ ਦੀ ਕਲੇਸ਼ ਮੀਟਿੰਗ ’ਚ ਪ੍ਰਧਾਨ ਗੁਰਜੰਟ ਸਿੰਘ ਬਰਾੜ ਨੇ ਉਨਾਂ ’ਤੇ ਲੱਗੇ ਕਥਿਤ ਸੰਗੀਨ ਦੋਸ਼ਾਂ ਦੇ ਜਵਾਬ ਤਹਿਤ ਚਾਰ ਆੜਤੀਆਂ ਵੱਲੋਂ ਖਰੀਦ ਏਜੰਸੀ ‘ਪਨਸਪ’ ਦੇ ਇੱਕ ਇੰਸਪੈਕਟਰ ਨੂੰ ਕਣਕ ਸੀਜ਼ਨ ’ਚ ਦੋ ਲੱਖ ਰੁਪਏ ਰਿਸ਼ਵਤ ਦੇਣ ਦਾ ਮਾਮਲਾ ਉਠਾਇਆ ਸੀ। 

ਖਰੀਦ ਏਜੰਸੀ ਪਨਸਪ ਦੇ ਜ਼ਿਲਾ ਮੈਨੇਜਰ ਨੇ ਮੀਟਿੰਗ ’ਚ ਕਣਕ ਸੀਜਨ ਦੇ ਭਿ੍ਰਸ਼ਟਾਚਾਰ ਦੇ ਨਸ਼ਰ ਮਸਲੇ ’ਤੇ ਆੜਤੀਆਂ ਨੂੰ ਲਿਖਤੀ ਸ਼ਿਕਾਇਤ ਦੇਣ ਲਈ ਆਖਿਆ। ਉਨਾਂ ਕਿਹਾ ਕਿ ਆੜਤੀਏ ਆਪਣੇ ਮਸਲਿਆਂ ’ਚ ਖਰੀਦ ਏਜੰਸੀਆਂ ਨੂੰ ਬੇਵਜਾ ਨਾ ਉਲਝਾਉਣ, ਜੇਕਰ ਖਰੀਦ ਤੰਤਰ ਦੀ ਊਣਤਾਈਆਂ ਹੈ ਤਾਂ ਉਸ ਬਾਰੇ ਖੁੱਲ ਦੇ ਦੱਸਿਆ ਜਾਵੇ ਕਾਰਵਾਈ ਕੀਤੀ ਜਾਵੇਗੀ। ਆੜਤੀ ਆਗੂ ਸੁਧੀਰ ਝਾਲਰੀਆ, ਵਿੱਕੀ  ਬਾਬਾ, ਗੌਰਵ ਮੋਂਗਾ ਅਤੇ ਜਿੰਮੀ ਢਿੱਲੋਂ ਨੇ ਝੋਨੇ ਦੀ ਲਿਫ਼ਟਿੰਗ ਦੇ ਇਲਾਵਾ ਬਾਰਦਾਨੇ ਦੀ ਕੁਆਲਿਟੀ ’ਤੇ ਸੁਆਲ ਉਠਾਏ। ਉਨਾਂ ਲਿਫ਼ਟਿੰਗ ’ਚ ਵਹੀਕਲਾਂ ਦੀ ਥੁੜ ਦਾ ਰੋਣਾ ਰੋਇਆ। 

ਆੜਤੀਆਂ ਨੇ ਸਫ਼ਾਈ ਦੀ ਘਾਟ ਦਾ ਬਹਾਨਾ ਲਗਾ ਕੇ ਝੋਨਾ ਨਕਾਰੇ ਜਾਣ ਅਤੇ ਦੋ-ਦੋ ਗੱਟੇ ਪ੍ਰਤੀ ਟਰਾਲੀ ਲੈਣ ਦੇ ਮਾਮਲੇ ’ਤੇ ਪਨਸਪ ਦੇ ਜ਼ਿਲਾ ਮੈਨੇਜਰ ਮਾਨਵ ਜਿੰਦਲ ਨੇ ਕਿਹਾ ਕਿ ਸਰਕਾਰ ਆੜਤੀਆਂ ਨੂੰ ਫ਼ਸਲ ਤੁਲਾਈ, ਝਰਾਈ, ਟਾਂਕਾ ਲਗਵਾਈ ਅਤੇ ਲਿਫ਼ਟਿੰਗ ਦੀ ਸਫ਼ਾਈ ਲਈ ਵਜੋਂ ਬਕਾਇਦਾ ਨਿਸ਼ਚਿਤ ਰਕਮ ਅਦਾ ਕਰਦੀ ਹੈ। ਇਸਦੇ ਇਲਾਵਾ ਢਾਈ ਫ਼ੀਸਦੀ ਦਾਮੀ ਵੀ ਆੜਤੀਆਂ ਨੂੰ ਦਿੱਤੀ ਜਾਂਦੀ ਹੈ। ਅਜਿਹੇ ਵਿੱਚ ਸੌ ਫ਼ੀਸਦੀ ਝਰਾਈ ਕਰਵਾਉਣਾ ਆੜਤੀਏ ਦੀ ਬੁਨਿਆਦੀ ਜਿੰਮੇਵਾਰੀ ਹੈ। 

ਡੀ.ਐਮ ਮੁਤਾਬਕ ਸ਼ੈਲਰ ਦਾ ਇਤਰਾਜ਼ ਮੰਨਣਯੋਗ ਹੈ। ਦੋਵੇਂ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਸ੍ਰੀ ਮੁਕਤਸਰ ਸਾਹਿਬ ਨਾਲ ਸੰਬੰਧਤ ਦੋ ਹੋਰ ਸ਼ੈਲਰਾਂ ਦਾ ਆਰ.ਓ. ਕੱਟਿਆ ਗਿਆ ਹੈ, ਜਿਸ ਨਾਲ ਝੋਨਾ ਖਰੀਦ ਹੋਰ ਸੁਚੱਜਾ ਹੋ ਜਾਵੇਗਾ। ਇਸ ਮੌਕੇ ਮਾਰਕਫੈੱਡ ਦੇ ਇੰਸਪੈਕਟਰ ਸੁਖਰਾਜ ਸਿੰਘ ਅਤੇ ਮਾਰਕੀਟ ਕਮੇਟੀ ਦੇ ਮੁਲਾਜਮ ਮੋਹਿਤ ਕੁਮਾਰ ਵੀ ਮੌਜੂਦ ਸਨ। 

ਖਰੀਦ ’ਚ ਖਾਮੀ ਬਾਰੇ ਲਿਖਤ ਸ਼ਿਕਾਇਤ ਕੀਤੀ ਜਾਵੇ: ਡੀ.ਸੀ.

ਜ਼ਿਲਾ ਸ੍ਰੀ ਮੁਕਸਤਰ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਖਰੀਦ ਪ੍ਰਬੰਧਾਂ ’ਚ ਕੋਈ ਖਾਮੀ ਸਹਿਣ ਨਹੀਂ ਹੋਵੇਗੀ। ਜੇਕਰ ਖਰੀਦ ਪ੍ਰਬੰਧਾਂ ’ਚ ਕਿਸੇ ਵੀ ਖਾਮੀ ਬਾਰੇ ਲਿਖਤ ਵਿੱਚ ਸ਼ਿਕਾਇਤ ਕੀਤੀ ਜਾਵੇ, ਉਸ ’ਤੇ ਤੁਰੰਤ ਕਾਰਵਾਈ ਹੋਵੇਗੀ। 




   

No comments:

Post a Comment