20 October 2021

'ਜੱਦੀ' ਬਰੂਹਾਂ ਤੋਂ 'ਸਿਆਸੀ' ਬਰੂਹਾਂ ਵੱਲ ਵਧਿਆ ਮੁਆਵਜ਼ੇ ਦਾ ਸੰਘਰਸ਼




ਬਾਦਲ ’ਚੋਂ ਪੱਕਾ ਮੋਰਚਾ ਚੁੱਕਿਆ,  25 ਤੋਂ ਬਠਿੰਡਾ ’ਚ ਮਿੰਨੀ ਸਕੱਤਰੇਤ ਦੇ ਘਿਰਾਓ ਦਾ ਐਲਾਨ

ਇਕਬਾਲ ਸਿੰਘ ਸ਼ਾਂਤ

ਲੰਬੀ: ਨਰਮਾ ਅਤੇ ਹੋਰ ਫ਼ਸਲੀ ਖਰਾਬੇ ਬਾਰੇ ਪਿੰਡ ਬਾਦਲ ਵਿੱਚ ਹਕੂਮਤੀ ਬੂਹੇ ’ਤੇ ਦੋ ਹਫ਼ਤਿਆਂ ਦੇ ਪੱਕੇ ਮੋਰਚੇ ਬਾਅਦ ਵੀ ਚੰਨੀ ਸਰਕਾਰ ਦੇ ਕੰਨ ’ਤੇ ਜੂੰ ਨਾ ਰੇਂਗਣ ’ਤੇ ਕਿਸਾਨਾਂ ਅਗਾਮੀ ਮੋਰਚਾ ਉਲੀਕ ਦਿੱਤਾ ਹੈ। ਭਾਕਿਯੂ ਏਕਤਾ ਉਗਰਾਹਾਂ ਨੇ ਪਿੰਡ ਬਾਦਲ ਤੋਂ ਪੱਕਾ ਮੋਰਚਾ ਚੁੱਕ ਕੇ ਹੁਣ 25 ਅਕਤੂਬਰ ਨੂੰ ਬਠਿੰਡਾ ਵਿਖੇ ਮਿੰਨੀ ਸਕੱਤਰੇਤ ਦੇ ਮੁਕੰਮਲ ਘਿਰਾਓ ਦਾ ਐਲਾਨ ਕੀਤਾ ਹੈ। ਯੂਨੀਅਨ ਦਾ ਸਪੱਸ਼ਟ ਐਲਾਨ ਹੈ ਕਿ ਫਿਰ ਵੀ ਚੰਨੀ ਸਰਕਾਰ ਨੇ ਕਿਸਾਨਾਂ-ਮਜ਼ਦੂਰਾਂ ਦੀ ਮੰਗਾਂ ਨਾ ਮੰਨੀਆਂ ਤਾਂ ਭਾਜਪਾ ਵਾਂਗ ਕਾਂਗਰਸ ਦਾ ਵੀ ਪਿੰਡਾਂ-ਸ਼ਹਿਰਾਂ ’ਚ ਬਾਈਕਾਟ ਕਰਕੇ ਵਿਰੋਧ ਦੀ ਰਾਹ ਫੜੀ ਜਾਵੇਗੀ। 




ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਕੀਤੇ ਆਰ-ਪਾਰ ਦੇ ਫੈਸਲੇ ਦਾ ਐਲਾਨ ਬਾਦਲ ਪਿੰਡ ਦੇ ਪੱਕੇ ਮੋਰਚੇ ’ਚ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕੀਤਾ। ਯੂਨੀਅਨ ਦੇ ਇਸ ਫੈਸਲੇ ਨਾਲ ਕਿਸਾਨੀ ਸੰਘਰਸ਼ੀ ਵਿੱਤ ਮੰਤਰੀ ਦੀਆਂ ਜੱਦੀ ਬਰੂਹਾਂ ਤੋਂ ਅਗਾਂਹ ਵਧ ਕੇ ਸਿਆਸੀ ਕਿਲੇ ਦੀਆਂ ਕੰਧਾਂ ਵੱਲ ਤੁਰ ਪਿਆ ਹੈ। ਜਿਸਦੇ ਗੰਭੀਰ ਨਤੀਜੇ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਚੋਣ ’ਚ ਭੁਗਤਣੇ ਪੈ ਸਕਦੇ ਹਨ। ਜ਼ਿਕਰੌੋਗ ਹੈ ਕਿ ਗੁਲਾਬੀ ਸੁੰਡੀ ਤੋਂ ਬਠਿੰਡਾ ਅਤੇ ਮਾਨਸਾ ਜ਼ਿਲੇ ਸਭ ਤੋਂ ਵੱਧ ਜ਼ਿਲੇ ਪ੍ਰਭਾਵਿਤ ਹਨ। ਕਿਸਾਨੀ ਸੰਘਰਸ਼ ਦੀ ਚਿਣਗ ਇਸ ਸਰਜਮੀਂ ਤੋਂ ਉੱਠਦੀ ਹੈ ਅਤੇ ਜਿਸਦਾ ਪਹਿਲਾ ਤਪਾਅ ਵਿੱਤ ਮੰਤਰੀ ਦੀ ਸਿਆਸੀ ਰਾਜਸਧਾਨੀ ਬਠਿੰਡਾ ਦੇ ਮਿੰਨੀ ਦੇ ਸਕੱਤਰੇਤ ਦੇ ਘਿਰਾਓ ਦੇ ਐਲਾਨ ਨਾਲ ਹੋ ਗਿਆ ਹੈ।



ਪਿੰਡ ਬਾਦਲ ’ਚ ਵਿੱਤ ਮੰਤਰੀ ਦੀ ਰਿਹਾਇਸ਼ ਨੇੜੇ ਅਤੇ ਮੂਹਰੇ ਪੱਕਾ ਮੋਰਚਾ 5 ਅਕਤੂਬਰ ਨੂੰ ਸ਼ੋਰੂ ਹੋਇਆ ਸੀ। ਨਰਮਾ ਪੱਟੀ ’ਚ ਗੁਲਾਬੀ ਸੁੰਡੀ ਕਾਰਨ ਨਰਮੇ ਖਰਾਬੇ ਕਾਰਨ ਮਾਨਸਾ, ਬਠਿੰਡਾ ਅਤੇ ਸੰਗਰੂਰ ਜ਼ਿਲਿਆਂ ਦੇ ਕਿਸਾਨਾਂ ਦਾ ਤਿੰਨ ਹਜ਼ਾਰ ਕਰੋੜ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ। ਸੂਬਾ ਸਰਕਾਰ ਨੇ ਕਿਸਾਨਾਂ ਨਾਲ ਮੀਟਿੰਗ ’ਚ ਤੈਅਸ਼ੁਦਾ ਮੁਆਵਜੇ ਦੀ ਤਜਵੀਜ਼ ਪੇਸ਼ ਕੀਤੀ, ਜੋ ਕਿ ਸਿਰਫ਼ 477 ਕਰੋੜ ਰੁਪਏ ਬਣਦਾ ਹੈ।



ਯੂਨਂਅਨ ਦੇ ਸੂਬਾ ਸਕੱਤਰ ਸ਼ੰਗਾਰਾ ਸਿੰਘ ਮਾਨ ਨੇ ਕਿਹਾ ਕਿ 15 ਦਿਨਾਂ ਤੋਂ ਬਾਦਲ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਕਿਸਾਨਾਂ-ਮਜ਼ਦੂਰਾਂ ਦੀ ਮੰਗ ਨੂੰ ਪੰਜਾਬ ਸਰਕਾਰ ਨੇ ਬਿਲਕੁੱਲ ਅਣਗੌਲਿਆ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਐਨੀ ਢੀਠਤਾ ਧਾਰ ਲਈ ਹੈ ਕਿ ਮੁਆਵਜੇ ਸੰਬੰਧੀ ਅਜੇ ਤੱਕ ਇੱਕ ਸ਼ਬਦ ਵੀ ਮੂੰਹੋਂ ਨਹੀਂ ਬੋਲਿਆ। ਉਨਾਂ ਅਗਲੇ ਐਕਸ਼ਨ ਦੇ ਐਲਾਨ ਉਪਰੰਤ ਬਾਦਲ ਮੋਰਚਾ ਸਮਾਪਤ ਕਰਨਾ ਐਲਾਨ ਕੀਤਾ।





ਕਿਸਾਨ ਆਗੂ ਮੋਠੂ ਸਿੰਘ ਕੋਟੜਾ, ਗੁਰਭਗਤ ਸਿੰਘ ਭਲਾਈਆਣਾ, ਗੁਰਭੇਜ ਸਿੰਘ ਰੋਹੀ ਆਲਾ, ਰਾਮ ਸਿੰਘ ਭੈਣੀਬਾਘਾ, ਜਗਦੇਵ ਸਿੰਘ ਜੋਗੇਵਾਲਾ, ਕੁਲਵੰਤ ਸ਼ਰਮਾ ਰਾਏਕੇ ਕਲਾਂ ਅਤੇ ਗੁਰਪਾਸ਼ ਸਿੰਘ ਸਿੰਘੇਵਾਲਾ ਅਤੇ ਪਰਮਜੀਤ ਕੌਰ ਪਿੱਥੋ ਨੇ ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਨੂੰ ਹੁਣੇ ਅੱਜ ਤੋਂ ਹੀ 25 ਅਕਤੂਬਰ ਨੂੰ ਵੱਡੀ ਲਾਮਬੰਦੀ ਵਾਸਤੇ ਤਿਆਰੀ ਵਿੱਚ ਜੁਟਣ ਦਾ ਸੱਦਾ ਦਿੱਤਾ। ਪਿੰਡਾਂ-ਮੁਹੱਲਿਆਂ ’ਚ ਮੀਟਿੰਗਾਂ ਕਰ ਕੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਦੇ ਕਾਫਲੇ ਬਣਾ ਕੇ ਘਰ-ਘਰ 25 ਅਕਤੂਬਰ ਨੂੰ ਵੱਡੀ ਗਿਣਤੀ ਬਠਿੰਡਾ ਦੇ ਮਿੰਨੀ ਸਕੰਤਰੇਤ ਦੇ ਘਿਰਾਓ ਵਿੱਚ ਪਹੁੰਚਣ ਦੇ ਸੁਨੇਹੇ ਲਾਏ ਜਾਣ।

No comments:

Post a Comment