08 October 2021

'ਘਰ ਸੰਭਲਦਾ ਨਹੀਂ ਯੂ.ਪੀ. ਪੁੱਜ ਕੇ ਕਿਸਾਨੀ ਦੇ ਨਾਂਅ ਸਿਆਸਤਾਂ ਕਰਦੀ ਫਿਰਦੀ!'

 - ਸਰਕਾਰੀ ਚੁੱਪੀ ਤੋਂ ਖਫ਼ਾ ਕਿਸਾਨਾਂ ਨੇ ਨਾਕਾ ਤੋੜ ਕੇ ਵਿੱਤ ਮੰਤਰੀ ਦਾ ਬੂਹਾ ਘੇਰਿਆ

 - ਕਿਸਾਨੀ ਰੋਹ ਦੇ ਮੂਹਰੇ ਪੁਲਿਸ ਪ੍ਰਸ਼ਾਸਨ, ਕਤਾਰਬੱਧ ਅਮਲਾ, ਜਲ ਤੋਪਾਂ ਹੋਈਆਂ ਬੇਵੱਸ 

- ਪ੍ਰਸ਼ਾਸਨ ਨੇ ਮੰਗਾਂ-ਮਸਲਿਆਂ ਦੇ ਹੱਲ ਲਈ ਕੱਲ 11 ਵਜੇ ਤੱਕ ਸਮਾਂ ਲਿਆ

ਇਕਬਾਲ ਸਿੰਘ ਸ਼ਾਂਤ

ਲੰਬੀ: ਨਰਮਾ ਪੱਟੀ ਕਿਸਾਨਾਂ ਦੇ ਗੁਲਾਬੀ ਸੁੰਡੀ ਵਾਲੇ ਜਖ਼ਮਾਂ ਨੂੰ ਭੁਲਾ ਕੇ ਸਿਆਸਤ ਖਾਤਰ ਉੱਤਰ ਪ੍ਰਦੇਸ਼ ’ਚ ਕਰੋੜਾਂ ਰੁਪਏ ਦੇ ਮੁਆਵਜ਼ੇ ਵੰਡਣ ਪੁੱਜ ਚੁੱਕੀ ਕਾਂਗਰਸ ਸਰਕਾਰ ਖਿਲਾਫ਼ ਖੇਤੀ ਪੁੱਤਰ ਦਾ ਗੁੱਸਾ ਸਿਖ਼ਰ ਨੂੰ ਸਬਰ ਦਾ ਬੰਨ ਟੁੱਟ ਗਿਆ। ਤਿੰਨ ਦਿਨਾਂ ਤੋਂ ਮੁਆਵਜੇ ਖਾਤਰ ਬਾਦਲ ਪਿੰਡ ’ਚ ਪੱਕੇ ਮੋਰਚੇ ’ਤੇ ਬੈਠੇ ਮਾਲਵਾ ਪੱਟੀ ਦੀ ਹਜ਼ਾਰਾਂ ਕਿਸਾਨਾਂ ਦੀ ਪੰਜਾਬ ਸਰਕਾਰ ਵੱਲੋਂ ਕੋਈ ਸਾਰ ਨਾ ਲੈਣ ’ਤੇ ਅੱਜ ਭਾਕਿਯੂ ਏਕਤਾ ਉਗਰਾਹਾਂ ਦੇ ਹਜ਼ਾਰਾਂ ਕਾਰਕੁੰਨਾਂ ਨੇ ਪੁਲਿਸ ਨਾਕਾ ਤੋੜ ਕੇ ਵਿੱਤ ਮੰਤਰੀ ਮਨਪ੍ਰੀਤ ਦਾ ਬੂਹਾ ਘੇਰ ਲਿਆ। ਵੱਡੇ ਕਿਸਾਨੀ ਰੋਹ ਦੇ ਮੂਹਰੇ ਬੇਵੱਸ ਹੋਏ ਪੁਲਿਸ ਪ੍ਰਸ਼ਾਸਨ, ਕਤਾਰਬੱਧ ਪੁਲਿਸ ਅਮਲਾ, ਜਲ ਤੋਪਾਂ ਅਤੇ ਵੱਡੀਆਂ-ਉੱਚੀਆਂ ਰੋਕਾਂ ਪਲਾਂ ’ਚ ਢਹਿਢੇਰੀ ਹੋ ਗਈਆਂ। ਨਾਕਾ ਤੋੜਨ ਉਪਰੰਤ ਤੇਜ਼ ਕਦਮੀਂ ਅਗਾਂਹ ਵਧਦੇ ਕਿਸਾਨਾਂ ਦੇ ਕਾਫ਼ਲੇ ਨੂੰ ਵੇਖ ਪ੍ਰਸ਼ਾਸਨਕ ਅਧਿਕਾਰੀਆਂ ਦੀ ਉੱਥੇ ਪੁੱਜ ਰਹੀਆਂ ਗੱਡੀਆਂ ਘਬਰਾਹਟ ’ਚ ਬੈਕ ਗੇਅਰ ਵਿੱਚ ਰਫ਼ਤਾਰ ਪੁੱਠੇ ਪੈਰੀਂ ਹੋ ਗਈਆਂ। ਯੂਨੀਅਨ ਨੇ ਦੋ ਘੰਟੇ ਪਹਿਲਾਂ ਪ੍ਰਸ਼ਾਸਨ ਨੂੰ ਨਾਕਾ ਤੋੜਨ ਦੀ ਅਗਾਊਂ ਚਿਤਾਵਨੀ ਦਿੱਤੀ ਸੀ। ਤਰ ਮੌਜੂਦ ਅਫ਼ਸਰਾਂ ਨੇ ਜ਼ਿਲਾ ਪ੍ਰਸ਼ਾਸਨ ਨਾਲ ਗੱਲ ਕਰਵਾਉਣ ਦਾ ਦਾਅ ਖੇਡਿਆ, ਪਰ ਕਿਸਾਨਾਂ ਨੇ ਮੁਆਵਜੇ ਤੋਂ ਘੱਟ ਕਿਸੇ ਗੱਲਬਾਤ ਤੋਂ ਨਾਂਹ ਕਰ ਦਿੱਤੀ। 

ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਗੁਲਾਬੀ ਸੁੰਡੀ ਦੇ ਹਮਲੇ ਤੇ ਕੁਦਰਤੀ ਕਾਰਨਾਂ ਨਰਮਾ ਸਮੇਤ ਹੋਰ ਸਾਉਣੀ ਫਸਲਾਂ ਤਬਾਹ ਹੋ ਚੁੱਕੀਆਂ ਹਨ। ਜਿਸਦੇ ਮੁਆਵਜੇ ਲਈ ਪੰਜ ਅਕਤੂਬਰ ਤੋਂ ਕਿਸਾਨ, ਮਜ਼ਦੂਰ ਬਾਦਲ ਪਿੰਡ ’ਚ ਮੋਰਚਾ ਲਾਈ ਬੈਠੇ ਹਨ। ਸਰਕਾਰ ਨੇ ਮੁਆਵਜਾ ਦੇਣ ਦੀ ਬਜਾਇ ਚੁੱਪ ਧਾਰ ਲਈ। ਉਨਾਂ ਕਿਹਾ ਕਿ ਸਰਕਾਰ ਭੁਲੇਖਾ ਕੱਢ ਦੇਵੇ ਕਿ ਕਿਸਾਨ-ਮਜ਼ਦੂਰ ਅੱਕ-ਥੱਕ ਕੇ ਆਪਣੇ ਘਰਾਂ ਨੂੰ ਮੁੜ ਜਾਣਗੇ। ਉਹ ਤਾਂ ਸੰਘਰਸ਼ ਹੋਰ ਤੇਜ਼ ਕਰਕੇ ਮੰਗਾਂ ਮਨਵਾ ਕੇ ਘਰਾਂ ਨੂੰ ਪਰਤਨਗੇ। 

ਜ਼ਿਲਾ ਮਾਨਸਾ ਦੇ ਰਾਮ ਸਿੰਘ ਭੈਣੀ ਬਾਘਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਖੇਖਣ ਕਰਨ ਦੇ ਦੋਸ਼ ਲਗਾਉਂਦੇ ਕਿਹਾ ਕਿ ਸੜਕਾਂ ’ਤੇ ਖੜੇ ਲੋਕਾਂ ਨੂੰ ਗੱਡੀ ਰੋਕ ਮਿਲਣ ਨਾਲ ਚਿਹਰਾ ਨਹੀਂ ਲੋਕਪੱਖੀ ਬਣਦਾ, ਸਗੋਂ ਉਸ ਲੋਕਾਂ ਦੀ ਮੁਸ਼ਕਿਲਾਂ ਨੂੰ ਆਪਣਾ ਪਿੰਡੇ ’ਤੇ ਮਹਿਸੂਸ ਕਰਨਾ ਪੈਂਦਾ ਹੈ। ਸ੍ਰੀ ਭੈਣੀ ਬਾਘਾ ਨੇ ਪੰਜਾਬ ਦੇ ਕਾਂਗਰਸੀ ਮੰਤਰੀਆਂ-ਵਿਧਾਇਕਾਂ ’ਤੇ ਕੁਰਸੀ ਯੁੱਧ ਲੜਨ ਦੇ ਦੋਸ਼ ਲਗਾਉਂਦੇ ਕਿਹਾ ਕਿ ਕਿਸਾਨਾਂ ਦੀ ਸਮੱਸਿਆਵਾਂ ਨਾਲ ਵੱਧ ਤਿੰਨ-ਤਿੰਨ ਮਹੀਨਿਆਂ ਲਈ ਮੰਤਰੀ ਬਣਨ ਤੇ ਸਾਬਕਾ ਮੁੱਖ ਮੰਤਰੀ ਕਹਿਲਾਉਣ ਦੀ ਦੌੜ ਲੱਗੀ ਹੈ। ਪ੍ਰਧਾਨ ਮੰਤਰੀ ਕੋਲ ਜਾ ਕੇ ਮੁੱਖ ਮੰਤਰੀ ਚਰਨਜੀਤ ਚੰਨੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਕੇ ਆਇਆ ਹੈ। ਉਨਾਂ ਕਿਹਾ ਕਿ ਜੇਕਰ ਚੰਨੀ ਕਿਸਾਨਾਂ ਦਾ ਸੱਚਾ ਹਿਤੈਸ਼ੀ ਹੈ ਤਾਂ ਗੁਲਾਬੀ ਸੁੰਡੀ ਦੇ ਨਰਮੇ ਦਾ ਮੁਆਵਜ਼ਾ ਦੇਣ ਦੀ ਉਸ ਕੋਲ ਲੋਕਤੰਤਰਿਕ ਤਾਕਤ ਹੈ, ਉਹ ਇਸ ਬਾਰੇ ਤੁਰੰਤ ਕਿਉਂ ਨਹੀਂ ਕਰਦਾ।  ਉਨਾਂ ਕਿਹਾ ਕਿ ਜੇਕਰ ਚੰਨੀ ਸੱਚਮੁੱਚ ਗਰੀਬ ਹੈ ਤਾਂ ਨਰਮਾ ਖਰਾਬੇ ਕਰਕੇ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਦੇ ਘਰਾਂ ’ਚ ਕਿਉਂ ਨਹੀਂ ਗਿਆ। ਸੜਕਾਂ ’ਤੇ ਬੈਠੇ ਹਜ਼ਾਰਾਂ ਮੁੱਖ ਮੰਤਰੀ ਨੂੰ ਕਿਉਂ ਨਹੀਂ ਵਿਖਾਈ ਦੇ ਰਹੇ। 


ਜ਼ਿਲਾ ਬਠਿੰਡਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਗੁਰਪਾਸ਼ ਸਿੰਘ ਸਿੰਘੇਵਾਲਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਵਾਪਰੀ ਲਖੀਮਪੁਰ ਖੀਰੀ ਬੇਹੱਦ ਦਰਦਨਾਕ ਅਤੇ ਸਰਕਾਰੀ ਗੁੰਡਾਗਰਦੀ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਮਸਿਆਵਾਂ ਤੋਂ ਧਿਆਨ ਵੰਡਾਉਣ ਅਤੇ ਸਿਆਸੀ ਹਿੱਤਾਂ ਲਈ ਪੰਜਾਬ ਦੇ ਮੁੱਖ ਮੰਤਰੀ ਅਤੇ ਮੰਤਰੀ ਉੱਤਰ ਪ੍ਰਦੇਸ਼ ’ਚ ਜਾ ਕੇ ਹਾਅ ਦੇ ਨਾਅਰੇ ਮਾਰ ਰਹੇ ਹਨ। ਜਦੋਂਕਿ ਪੰਜਾਬ ਦੇ ਸੜਕਾਂ ’ਤੇ ਰੁਲ ਰਹੇ ਹਨ। ਜਿਨਾਂ ਗੱਲ ਸੁਣਨ ਦਾ ਸਰਕਾਰ ਕੋਲ ਸਮਾਂ ਨਹੀਂ। ਬੱਗੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਪੀੜਤ ਕਿਸਾਨ ਦੀ ਬਾਂਹ ਫੜ ਕੇ ਯੂ.ਪੀ. ਵਾਲਿਆਂ ਨੂੰ ਸੁਨੇਹਾ ਦੇਵੇ ਤਾਂ ਉਥੇ ਇਨਾਂ ਦੀ ਸਰਕਾਰ ਆਪਣੇ ਆਪ ਬਣ ਜਾਵੇਗੀ। 

ਵਿੱਤ ਮੰਤਰੀ ਦੇ ਘਰ ਦੇ ਘਿਰਾਓ ਮਗਰੋਂ ਪ੍ਰਸ਼ਾਸਨ ਹਰਕਤ ’ਚ ਆ ਗਿਆ। ਇਸ ਮਗਰੋਂ ਮਲੋਟ ਦੇ ਕਾਰਜਕਾਰੀ ਐੱਸ.ਡੀ.ਐੱਮ ਗਿੱਦੜਬਾਹਾ, ਐਸ.ਪੀ. (ਡੀ) ਰਾਜਪਾਲ ਸਿੰਘ ਅਤੇ ਡੀ.ਐਸ.ਪੀ. ਜਸਪਾਲ ਸਿੰਘ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ। ਕਿਸਾਨ ਆਗੂਆਂ ਨੂੰ ਕੱਲ 11 ਵਜੇ ਜਥੇਬੰਦੀ ਦੀ ਗੱਲਬਾਤ ਸਰਕਾਰ ਨਾਲ ਕਰਵਾ ਕੇ ਮੰਗਾਂ-ਮਸਲਿਆਂ ਦਾ ਹੱਲ ਕੱਢਣ ਦਾ ਭਰੋਸਾ ਦਿੱਤਾ। ਜਿਸ ਮਗਰੋਂ ਕਿਸਾਨ ਬੂਹੇ ਦਾ ਘਿਰਾਓ ਛੱਡ ਕੇ ਇੱਕ ਸੌ ਮੀਟਰ ਪਿਛਾਂਹ ਪਹਿਲਾਂ ਤੋਂ ਜਾਰੀ ਮੋਰਚੇ ਵਿੱਚ ਪੁੱਜ ਕੇ ਡਟ ਗਏ। ਕਿਸਾਨ ਨੇ ਐਲਾਨ ਕੀਤਾ ਕਿ ਕੱਲ ਮਸਲੇ ਦਾ ਹੱਲ ਨਾ ਨਿਕਲਿਆ ਤਾਂ ਵਿੱਤ ਮੰਤਰੀ ਦੀ ਕੋਠੀ ਦਾ ਅਣਮਿੱਥੇ ਸਮੇਂ ਲਈ ਮੁਕੰਮਲ ਘਿਰਾਓ ਕੀਤਾ ਜਾਵੇਗਾ।


No comments:

Post a Comment