10 October 2021

ਚੰਨੀ ਦੇ ਮੁੰਡੇ ਦੇ ਵਿਆਹ ’ਤੇ ਕਿਸਾਨ ਸੰਘਰਸ਼ ਦਾ ਪਰਛਾਵਾਂ

                                                   

- ਭਾਕਿਯੂ ਏਕਤਾ ਉਗਰਾਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਸੱਦਾ ਭੇਜਣ ’ਤੇ ਇਤਰਾਜ਼ ਜਤਾਇਆ

ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 9 ਅਕਤੂਬਰ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਲੜਕੇ ਨਵਜੀਤ ਸਿੰਘ ਦੇ ਵਿਆਹ ’ਤੇ ਵੀ ਕਿਸਾਨ ਸੰਘਰਸ਼ ਦਾ ਪਰਛਾਵਾਂ ਵਿਖਾਈ ਦੇ ਰਿਹਾ ਹੈ। ਸੂਬੇ ਦੀ ਸਭ ਤੋਂ ਵੱਡੇ ਕਾਡਰ ਵਾਲੀ ਜਥੇਬੰਦੀ ਭਾਕਿਯੂ ਏਕਤਾ ਉਗਰਾਹਾਂ ਨੇ ਮੁੱਖ ਮੰਤਰੀ ਦੇ ਲੜਕੇ ਦੇ ਵਿਆਹ ’ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਸੱਦਾ ਪੱਤਰ ਭੇਜਣ ’ਤੇ ਇਤਰਾਜ਼ ਜਤਾਇਆ ਹੈ। ਮੁੱਖ ਮੰਤਰੀ ਦੇ ਲੜਕੇ ਦਾ ਵਿਆਹ 10 ਅਕਤੂਬਰ ਨੂੰ ਮੁਹਾਲੀ ’ਚ ਹੋਣਾ ਹੈ ਅਤੇ 11 ਅਕਤੂਬਰ ਨੂੰ ਖਰੜ ਵਿਖੇ ਰਿਸੈਪਸ਼ਨ ਰੱਖੀ ਗਈ ਹੈ। ਸ੍ਰੀ ਚੰਨੀ ਨੇ ਵਿਆਹ ਲਈ ਗੁਆਂਢੀ ਸੂਬੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਇਲਾਵਾ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੂੰ ਵੀ ਸੱਦਾ ਭੇਜਿਆ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਮਨੋਹਰ ਲਾਲ ਪਹਿਲਾਂ ਕਰਨਾਲ ਘਟਨਾ ਅਤੇ ਹੁਣ ਕਿਸਾਨਾਂ ਖਿਲਾਫ਼ ਭਖਵੇਂ ਬਿਆਨ ਨੂੰ ਲੈ ਕੇ ਕਿਸਾਨ ਧਿਰਾਂ ਦੇ ਪ੍ਰਮੁੱਖ ਨਿਸ਼ਾਨੇ ਉੱਪਰ ਹਨ। ਹਾਲਾਂਕਿ ਖੱਟਰ ਨੇ ਤਾਜ਼ਾ ਬਿਆਨ ਵਾਪਸ ਲੈ ਲਿਆ ਸੀ। ਕਿਸਾਨਾਂ ਦੇ ਵਿਰੋਧ ਕਰਕੇ ਮਨੋਹਰ ਲਾਲ ਨੂੰ ਹਰਿਆਣਾ ’ਚ ਹੈਲੀਕਾਪਟਰ ਵੀ ਲਾਹੁਣਾ ਔਖਾ ਹੋਇਆ ਹੈ।
ਯੂਨੀਅਨ ਦੇ ਸੂਬਾ ਸਕੱਤਰ ਸ਼ੰਗਰਾ ਮਾਨ ਨੇ ਕਿਹਾ ਕਿ ਖੇਤੀ  ਕਾਨੂੰਨਾਂ ਦੇ ਘਾੜੇ ਕਿਸਾਨਾਂ ਦੇ ਵਿਰੋਧੀ ਭਾਜਪਾ ਦੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਆਪਣੇ ਬੇਟੇ ਦੇ ਵਿਆਹ ’ਤੇ ਸੱਦ ਕੇ ਪੰਜਾਬ ਦੇ ਮੁੱਖ ਮੰਤਰੀ ਦਾ ਵੀ ਕਿਸਾਨ ਵਿਰੋਧੀ ਚਿਹਰਾ ਨੰਗਾ ਹੋਇਆ ਹੈ। ਉਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਦਾ ਸਖ਼ਤ ਵਿਰੋਧ ਕਰਨ ਦੇ ਸੱਦੇ ਤਹਿਤ ਮੁੱਖ ਮੰਤਰੀ ਪੰਜਾਬ ਵੱਲੋਂ ਭਾਜਪਾਈ ਮੁੱਖ ਮੰਤਰੀ ਨੂੰ ਵਿਆਹ ’ਚ ਬੁਲਾਉਣ ਨਾਲ ਪੰਜਾਬ ਦਾ ਮਾਹੌਲ ਖ਼ਰਾਬ ਵੀ ਹੋ ਸਕਦਾ ਹੈ। ਇਸੇ ਦੌਰਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਨੇ ਭਖਦੇ ਕਿਸਾਨ ਸੰਘਰਸ਼ ਦੇ ਮਾਹੌਲ ’ਚ ਮੁੱਖ ਮੰਤਰੀ ਚੰਨੀ ਦੇ ਇਸ ਕਦਮ ਨੂੰ ਸਿਆਸੀ ਅਤੇ ਸਮਾਜਿਕ ਦੋਗਲੇ ਚਿਹਰੇ ਵਾਲੀ ਕਾਰਗੁਜਾਰੀ ਦੱਸਿਆ। ਉਨਾਂ ਕਿਹਾ ਕਿ ਭਾਜਪਾ ਨੇ ਸਿਰਫ ਖੇਤੀ ਕਾਨੂੰਨ ਹੀ ਨਹੀਂ ਲਾਗੂ ਕੀਤੇ, ਬਲਕਿ ਉਸਦੇ ਰਾਜ ’ਚ ਦੇਸ਼ ਅੰਦਰ ਐਸ.ਸੀ/ਐਸ.ਟੀ. ਭਾਈਚਾਰੇ ’ਤੇ ਤਸ਼ੱਦਦ ਦੇ ਸਾਰੇ ਪੁਰਾਣੇ ਟੁੱਟੇ ਹਨ। ਕਿਸਾਨਾਂ ਅਤੇ ਮਜ਼ਦੂਰ ਨੂੰ ਤਿੱਖਾ ਰੋਸ ਹੈ ਕਿ ਗਰੀਬ ਹੋਣ ਦਾ ਦਾਅਵਾ ਕਰਦੇ ਮੁੱਖ ਮੰਤਰੀ ਚੰਨੀ ਨੇ ਉਨਾਂ ਨੂੰ ਸੱਦਾ ਪੱਤਰ ਭੇਜ ਕੇ ਭਾਜਪਾ ਲੀਡਰਾਂ ਨਾਲ ਜਮਾਤੀ ਅਤੇ ਸਿਆਸੀ ਸਾਂਝ ਨੂੰ ਨੰਗਾ ਚਿੱਟਾ ਕਰ ਦਿੱਤਾ ਹੈ। ਇਸ ਸੱਦੇ ਨੂੰ ਕਿਸਾਨਾਂ ਅਤੇ ਮਜ਼ਦੂਰਾਂ ਦੇ ਜਖਮਾਂ ’ਤੇ ਲੂਣ ਛਿੜਕਣ ਦੀ ਕਾਰਵਾਈ ਦੱਸਿਆ ਜਾ ਰਿਹਾ ਹੈ। 

   

No comments:

Post a Comment