08 October 2021

ਪੱਕਾ ਮੋਰਚਾ: ਵਿੱਤ ਮੰਤਰੀ ਦਾ ਘਰ 'ਪੱਕਾ' ਘੇਰਨ ਦੇ ਦਬਕੇ ’ਤੇ ਹਿੱਲੀ ਹਕੂਮਤ

             


* ਮੁਕਤਸਰ ਦੇ ਡੀ.ਸੀ ਤੇ ਐਸ.ਐਸ.ਪੀ. ਨੇ ਦਿਵਾਇਆ  ਅੱਜ 11 ਵਜੇ ਚੰਨੀ ਦੇ ਪਿੰ੍ਰਸੀਪਲ ਸਕੱਤਰ ਨਾਲ ਮੀਟਿੰਗ ਦਾ ਸਮਾਂ 

* ਸੂਤਰਾਂ ਮੁਤਾਬਕ ਪ੍ਰਸ਼ਾਸਨਕ ਦਿੱਕਤਾਂ ਕਰਕੇ ਮੀਟਿੰਗ 13 ਅਕਤੂਬਰ ਨੂੰ ਹੋਣ ਦੀ ਸੰਭਾਵਨਾ

*ਮੀਟਿੰਗ ਦੇਰੀ ਨਾਲ ਪੱਕੇ ਮੋਰਚੇ ਦਾ ਰਵੱਈਆ ਭਖਣ ਦੀ ਉਮੀਦ


ਇਕਬਾਲ ਸਿੰਘ ਸ਼ਾਂਤ/ਬੁਲੰਦ ਸੋਚ ਬਿਊਰੋ

ਲੰਬੀ: ਨਰਮਾ ਖਰਾਬੇ ਦੇ ਕਿਸਾਨਾਂ-ਮਜ਼ਦੂਰਾਂ ਨੂੰ ਮੁਆਵਜੇ ਲਈ ਪਿੰਡ ਬਾਦਲ ’ਚ ਵਿੱਤ ਮੰਤਰੀ ਦੇ ਬੂਹੇ ’ਤੇ ਲਗਾਏ ਕਿਸਾਨਾਂ-ਮਜ਼ਦੂਰਾਂ ਦੇ ਪੱਕੇ ਮੋਰਚੇ ਦੀਆਂ ਮੰਗਾਂ ਦੇ ਰੇਹੜਕੇ ਦੇ ਹੱਲ ਖਾਤਰ ਜ਼ਿਲਾ ਪ੍ਰਸ਼ਾਸਨ ਲਈ ਪਿੰਡ ਬਾਦਲ ’ਚ ਬੈਠਾ ਰਿਹਾ। ਸ਼ਾਮ ਤੱਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਅਤੇ ਜ਼ਿਲਾ ਪੁਲਿਸ ਮੁਖੀ ਚਰਨਜੀਤ ਸਿੰਘ ਦੀ ਭਾਕਿਯੂ ਏਕਤਾ ਉਗਰਾਹਾਂ ਦੇ ਆਗੂਆਂ ਨਾਲ ਦੋ ਪੜਾਵੀਂ ਮੀਟਿੰਗ ਮਗਰੋਂ ਮੁੱਖ ਮੰਤਰੀ ਪੰਜਾਬ ਦੇ ਪਿੰ੍ਰਸੀਪਲ ਸਕੱਤਰ, ਖੇਤੀਬਾੜੀ ਵਿਭਾਗ ਦੇ ਸਕੱਤਰ ਅਤੇ ਵਿੱਤ ਕਮਿਸ਼ਨਰ ਨਾਲ ਕੱਲ 9 ਅਕਤੂਬਰ ਨੂੰ 11 ਵਜੇ ਚੰਡੀਗੜ ’ਚ ਮੀਟਿੰਗ ’ਤੇ ਸਹਿਮਤੀ ਬਣੀ।


 ਉੱਚ-ਪੱਧਰੀ ਸੂਤਰਾਂ ਮੁਤਾਬਕ ਪ੍ਰਸ਼ਾਸਨਿਕ ਦਿੱਕਤਾਂ ਕਾਰਨ ਇਹ ਮੀਟਿੰਗ 13 ਅਕਤੂਬਰ (ਬੁੱਧਵਾਰ) ਨੂੰ ਹੋਣ ਦੀ ਸੰਭਾਵਨਾ ਹੈ। ਇਸ ਦੇਰੀ ਨਾਲ ਪੱਕੇ ਮੋਰਚੇ ਦਾ ਤਿੱਖਾ ਰਵੱਈਆ ਸਾਹਮਣੇ ਆਉਣ ਦੀ ਉਮੀਦ ਹੈ।


ਅੱਜ ਸਵੇਰੇ 11 ਵਜੇ ਪਾਵਰਕਾਮ ਦੇ ਰੈਸਟ ਹਾਊਸ ਵਿੱਚ ਕਰੀਬ ਘੰਟੇ ਢਾਈ ਘੰਟੇ ਲੰਮੀ ਮੀਟਿੰਗ ਕਿਸਾਨਾਂ-ਮਜ਼ਦੂਰਾਂ ਅਤੇ ਜ਼ਿਲਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਵਿਚਕਾਰ ਮੰਗ ਮੁਤਾਬਕ ਸਰਕਾਰੀ ਧਿਰ ਦੀ ਕੋਈ ਸੁਚੱਜੀ ਅਤੇ ਠੋਸ ਤਜਵੀਜ਼ ਸਾਹਮਣੇ ਨਾ ਆਉਣ ’ਤੇ ਵਗੈਰ ਬੇਸਿੱਟਾ ਸਮਾਪਤ ਹੋ ਗਈ। ਕਿਸਾਨਾਂ ਨੇ ਗੱਲਬਾਤ ਟੁੱਟਣ ਦਾ ਐਲਾਨ ਕਰਦੇ ਹੋਏ ਬਾਅਦ ਦੁਪਿਹਰ ਨਾਕਾ ਤੋੜ ਕੇ ਵਿੱਤ ਮੰਤਰੀ ਦੇ ਘਰ ਦੇ ਘਿਰਾਓ ਦਾ ਐਲਾਨ ਕਰ ਦਿੱਤਾ। ਜਿਸ ’ਤੇ ਸੂਬਾ ਸਰਕਾਰ ਹਰਕਤ ਵਿੱਚ ਆਈ। ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਭਾਕਿਯੂ ਏਕਤਾ ਉਗਰਾਹਾਂ ਦੇ ਵਫ਼ਦ ਦੀ ਕੱਲ 11 ਵਜੇ ਸਿਖ਼ਰਲੇ ਅਧਿਕਾਰੀਆਂ ਨਾਲ ਮੀਟਿੰਗ ਮੁਕਰਰ ਕਰਵਾ ਦਿੱਤੀ।



 ਯੂਨੀਅਨ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਸਾਨਾਂ-ਮਜ਼ਦੂਰਾਂ ਨੂੰ ਕੱਲ ਕਿਸਾਨ, ਮਜ਼ਦੂਰ ਅਤੇ ਔਰਤਾਂ ਵੰਡੀ ਗਿਣਤੀ ’ਚ ਬਾਦਲ ਪਿੰਡ ਦੇ ਪੱਕੇ ਮੋਰਚੇ ’ਚ ਪੁੱੁਜਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਜੇਕਰ ਸਰਕਾਰ ਨੇ ਕੱਲ ਮੀਟਿੰਗ ’ਚ ਕਿਸਾਨਾਂ ਦੀਆਂ ਮੰਗਾਂ ਮਸਲੇ ਹੱਲ ਨਾ ਕੀਤੇ ਤਾਂ ਤੁਰੰਤ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।


 ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਸ਼ਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਜਿੱਥੇ ਨਰਮੇ ਦੀ ਫਸਲ ਖ਼ਰਾਬ ਹੋਣ ਨਾਲ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ, ਉਥੇ ਤੰਗੀਆਂ-ਤੁਰਸ਼ੀਆਂ ’ਚ ਜ਼ਿੰਦਗੀ ਜਿਉਂ ਰਹੇ ਮਜਦੂਰਾਂ ਦਾ ਵੱਡੀ ਪੱਧਰ ’ਤੇ ਨੁਕਸਾਨ ਹੋ ਗਿਆ। ਇਸ ਲਈ ਮਜ਼ਦੂਰਾਂ ਨੂੰ ਵੀ ਇਸ ਪੱਕੇ ਮੋਰਚੇ ਨੂੰ ਵੰਧ ਮਜਬੂਤ ਕਰਨ ਦੀ ਲੋੜ ਹੈ।


ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨਾਲ ਮੀਟਿੰਗ ’ਚ ਨਰਮਾ ਅਤੇ ਹੋਰ ਫਸਲਾਂ ਦੇ ਖ਼ਰਾਬੇ ਦਾ ਨੁਕਸਾਨ ਸੱਠ ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਮਜ਼ਦੂਰਾਂ ਨੂੰ ਤੀਹ ਹਜ਼ਾਰ ਰੁਪਏ ਰੁਜ਼ਗਾਰ ਉਜਾੜਾ ਭੱਤਾ, ਨਰਮੇ ਦੇ ਖਰਾਬੇ ਕਾਰਨ ਖੁਦਕਸ਼ੀ ਕਰ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਦੱਸ ਲੱਖ ਰੁਪਏ ਮੁਆਵਜ਼ਾ, ਇੱਕ ਸਰਕਾਰੀ ਨੌਕਰੀ ਅਤੇ ਉੁਨਾਂ ਪਰਿਵਾਰਾਂ ਸਿਰ ਚੜਿਆ ਸਾਰਾ ਕਰਜ਼ਾ ਖਤਮ ਕਰਨ ਸਮੇਤ ਹੋਰਨਾਂ ਮੰਗਾਂ ਰੱਖੀਆਂ ਗਈਆਂ। 


ਪ੍ਰਸ਼ਾਸਨ ਨਾਲ ਮੀਟਿੰਗ ਮੌਕੇ ਕਿਸਾਨਾਂ ਵਫਦ ’ਚ ਮਾਨਸਾ ਦੇ ਜ਼ਿਲਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਬਠਿੰਡਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਫਾਜਲਿਕਾ ਦੇ ਜ਼ਿਲਾ ਪ੍ਰਧਾਨ ਗੁਰਭੇਜ ਸਿੰਘ ਰੋਹੀਵਾਲਾ, ਜ਼ਿਲਾ ਮੁਕਤਸਰ ਸਾਹਿਬ ਦੇ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਅਤੇ ਔਰਤ ਆਗੂ ਪਰਮਜੀਤ ਕੌਰ ਪਿੱਥੋ ਸ਼ਾਮਲ ਸਨ।



‘ਸਿਆਸੀ ਸ਼ਾਬਾਸ਼ੀ’ ਲਈ ਮੁਕਤਸਰੀਆਂ ਤੋਂ ਉਤਾਂਹ ਹੋ ਕੇ ਪੇਸ਼ਕਸ਼ਾਂ ਕਰਦੇ ਰਹੇ ਬਠਿੰਡੇ ਵਾਲੇ

ਜ਼ਿਲਾਵਾਰ ਹੱਦਾਂ ਨੂੰ ਦਰਕਿਨਾਰ ਕਰਕੇ ਜ਼ਿਲਾ ਪ੍ਰਸ਼ਾਸਨ ਬਠਿੰਡਾ ਵੀ ਚੰਨੀ ਸਰਕਾਰ ਅਤੇ ਵਿੱਤ ਮੰਤਰੀ ਦੇ ਦਰਬਾਰ ਦੀ ਸ਼ਾਬਾਸ਼ੀ ਲਈ ਖੂਬ ਹੱਥ ਪੈਰ ਮਾਰਦਾ ਵਿਖਾਈ ਦਿੱਤਾ। ਪੱਕੇ ਮੋਰਚੇ ਦੀਆਂ ਮੰਗਾਂ ਬਾਰੇ ਪਿੰਡ ਬਾਦਲ ’ਚ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਪ੍ਰਸ਼ਾਸਨ ਕਿਸਾਨਾਂ ਨਾਲ ਰਾਬਤੇ ਤਹਿਤ ਬੈਠਾ ਹੋਇਆ ਸੀ। ਇਸੇ ਵਿਚਕਾਰ ਜ਼ਿਲਾ ਬਠਿੰਡਾ ਤੋਂ ਉਥੇ ਪੁੱਜਿਆ ਇੱਕ ਮਾਲ ਅਧਿਕਾਰੀ ਬਠਿੰਡਾ ਪ੍ਰਸ਼ਾਸਨ ਦੇ ਜਰੀਏ ਸੂਬਾ ਸਰਕਾਰ ਤੋਂ ਤੁਰੰਤ ਮੀਟਿੰਗ ਦਾ ਸਮਾਂ ਦਿਵਾਉਣ ਦੀ ਪੇਸ਼ਕਸ਼ਾਂ ਕਰਦਾ ਰਿਹਾ। ਜਿਸਨੂੰ ਭਾਕਿਯੁ ਏਕਤਾ ਉਗਰਾਹਾਂ ਯੂਨੀਅਨ ਨੇ ਨਕਾਰਦੇ ਕਿਹਾ ਕਿ ਮੁਕਤਸਰ ਸਾਹਿਬ ਦੇ ਪ੍ਰਸ਼ਾਸਨ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਇੱਕ ਚੈਨਲ ਗੱਲਬਾਤ ਹੋਣਾ ਚਾਹੀਦੀ ਹੈ।

No comments:

Post a Comment