27 October 2021

ਵਿਵਾਦਾਂ ’ਚ ਘਿਰੀ ਕਰੋੜਾਂ ਦੀ ਜ਼ਮੀਨ ਨੂੰ ਲੀਜ਼ ’ਤੇ ਦੇਣ ਦੀ ਪ੍ਰਕਿਰਿਆ



* ਪਿੰਡ ਵਾਸੀਆਂ ਵੱਲੋਂ ਲੀਜ਼ ’ਤੇ ਰਿਸ਼ਤੇਦਾਰਾਂ ਨਾਲ ਮਿਲੀਭੁਗਤ 

* ਸ਼ਿਕਾਇਤ ਕਰਕੇ ਬੇਸ਼ਕੀਮਤੀ ਲੀਜ਼ ’ਤੇ ਦੇਣ ਦਾ ਵਿਰੋਧ

* ਪੰਚਾਇਤ ਨੇ ਪੇਂਡੂ ਅਤੇ ਵਿਕਾਸ ਵਿਭਾਗ ਤੋਂ ਲੀਜ਼ ਸੰਬੰਧੀ ਪਰਵਾਨਗੀ ਮੰਗੀ


ਇਕਬਾਲ ਸਿੰਘ ਸ਼ਾਂਤ

ਲੰਬੀ: ਪਿੰਡ ਫਤੂਹੀਵਾਲਾ ਵਿਖੇ ਗਰਾਮ ਪੰਚਾਇਤ ਵੱਲੋਂ ਕਰੋੜਾਂ ਰੁਪਏ ਦੀ ਕਰੀਬ 14 ਏਕੜ 16 ਮਰਲੇ ਜ਼ਮੀਨ ਇੱਕ ਵਿੱਦਿਅਕ ਅਦਾਰੇ ਨੂੰ 33 ਸਾਲਾ ਲੀਜ਼ ’ਤੇ ਦੇਣ ਦੀ ਪ੍ਰਕਿਰਿਆ ਸ਼ੁਰੂਆਤੀ ਪੜਾਅ ’ਤੇ ਵਿਵਾਦਾਂ ’ਚ ਘਿਰ ਗਈ ਹੈ। ਇਸ ਲੀਜ਼ ’ਤੇ ਸੁਆਲ ਉਠਾਉਂਦੇ ਪਿੰਡ ਵਾਸੀਆਂ ਨੇ ਕਾਨੂੰਨ ਦੀ ਕਥਿਤ ਦੁਰਵਰਤੋਂ ਤਹਿਤ ਪੰਚਾਇਤੀ ਨੁਮਾਇੰਦਿਆਂ ਵੱਲੋਂ ਖਾਸ ਰਿਸ਼ਤੇਦਾਰਾਂ ਜਰੀਏ ਕਥਿਤ ਜ਼ਮੀਨ ਹਥਿਆਉਣ ਬਾਰੇ ਸਰਕਾਰ ਅਤੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਭੇਜੀ ਹੈ।

ਡੱਬਵਾਲੀ-ਮਲੋਟ ਜਰਨੈਲੀ ਸੜਕ ਨਾਲ ਪਿੱਠ ਲੱਗਦੀ ਇਹ ਜ਼ਮੀਨ ਦੇ ਮੂਹਰਲੇ ਪਾਸੇ ਨੇੜਿਓਂ ਨਵਾਂ ਬਣਨ ਵਾਲਾ ਬਠਿੰਡਾ ਰੋਡ-ਮਲੋਟ ਰੋਡ ਬਾਈਪਾਸ ਨਿਕਲ ਰਿਹਾ ਹੈ। ਜਿਸ ਨਾਲ ਜ਼ਮੀਨ ਦੀ ਕੀਮਤ ਪੰਜਾਹ ਗੁਣਾ ਵਧ ਜਾਵੇਗੀ। ਗਰਾਮ ਪੰਚਾਇਤ ਨੇ ਉਕਤ ਜ਼ਮੀਨ ਕਿਸੇ ਵਿੱਦਿਅਕ ਅਦਾਰੇ ਨੂੰ ਲੀਜ਼ ’ਤੇ ਦੇਣ ਲਈ ਪੇਂਡੂ ਅਤੇ ਵਿਕਾਸ ਵਿਭਾਗ ਤੋਂ ਪਰਵਾਨਗੀ ਮੰਗੀ ਹੈ। 

ਸ਼ਿਕਾਇਤਕਰਤਾ ਧਿਰ ਦਾ ਕਹਿਣਾ ਹੈ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ 2016 ’ਚ ਦਿੱਤੇ ਇੱਕ ਫੈਸਲੇ ਮੁਤਾਬਕ ਗਰਾਮ ਪੰਚਾਇਤ ਵੱਲੋਂ ਪੰਚਾਇਤੀ ਜ਼ਮੀਨ/ਸ਼ਾਮਲਾਟ ਜ਼ਮੀਨ ਨੂੰ ਦੋ ਸਾਲਾਂ ਤੋਂ ਵੱਧ ਸਮੇਂ ਲਈ ਲੀਜ ’ਤੇ ਨਹੀਂ ਦਿੱਤਾ ਜਾ ਸਕਦਾ। 

ਸਾਬਕਾ ਸਰਪੰਚ ਰਣਜੀਤ ਸਿੰਘ ਢਿੱਲੋਂ, ਜਸਵਿੰਦਰ ਸਿੰਘ ਨੰਬਰਦਾਰ, ਸਾਬਕਾ ਪੰਚ ਰਾਜਿੰਦਰ ਸਿੰਘ, ਬਲਜਿੰਦਰ ਸਿੰਘ, ਰਣਧੀਰ ਸਿੰਘ, ਸੁਖਪਾਲ ਸਿੰਘ, ਲੱਖਾ ਸਿੰਘ, ਕੋਰਜੀਤ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਫਤੂਹੀਵਾਲਾ ਦੀ ਜ਼ਮੀਨ ਵੱਖ-ਵੱਖ ਪੱਤੀਆਂ ਵੱਲੋਂ ਜ਼ਮੀਨ ਕੱਟ ਕੇ ਪੰਚਾਇਤ ਨੂੰ ਦਿੱਤੀ ਹੋਈ ਹੈ। ਉਨਾਂ ਕਿਹਾ ਕਿ ਚੋਣਾਂ ਸਮੇਂ ਮੌਜੂਦਾ ਪੰਚਾਇਤ ਨੇ ਪੰਚਾਇਤੀ ਚੋਣਾਂ ਸਮੇਂ ਇਸ ਜ਼ਮੀਨ ’ਤੇ ਗਰੀਬਾਂ ਨੂੰ ਪਲਾਟ ਕੱਟ ਕੇ ਦੇਣ ਦਾ ਵਾਅਦਾ ਕੀਤਾ ਸੀ। ਜਿਹੜੀ ਪੰਚਾਇਤੀ ਜ਼ਮੀਨ ਨੂੰ ਲੀਜ ’ਤੇ ਦੇ ਕੇ ਨਿੱਜੀ ਸਕੂਲ ਬਣਾਉਣਾ ਦੀ ਕਥਿਤ ‘ਗੇਮ’ ਚੱਲ ਰਹੀ ਹੈ ਉਸਦੇ ਇੱਕ-ਦੋ ਕਿਲੋਮੀਟਰ ਦੇ ਘੇਰੇ ’ਚ ਪਹਿਲਾਂ ਹੀ ਕਰੀਬ ਅੱਠ ਸਰਕਾਰੀ/ਨਿੱਜੀ ਸਕੂਲ-ਕਾਲਜ ਚੱਲ ਰਹੇ ਹਨ।

 ਉਨਾਂ ਦੋਸ਼ ਲਗਾਇਆ ਕਿ ਲੀਜ਼ ਵਿਉਂਤਬੰਦੀ ਕਾਰਨ ਪਿੰਡ ਤੋਂ ਚਾਰ ਕਿਲੋਮੀਟਰ ਦੂਰ ਉਕਤ ਜ਼ਮੀਨ ਇਸ ਸਾਲ ਠੇਕੇ ’ਤੇ ਨਹੀਂ ਦਿੱਤੀ ਗਈ। ਉਨਾਂ ਕਿਹਾ ਕਿ  ਉਕਤ ਮਾਮਲੇ ’ਚ ਕਥਿਤ ਮਿਲੀਭੁਗਤ ਦੇ ਦੋਸ਼ ਲਗਾਉਂਦੇ ਗਰਾਮ ਸਭਾ ਬੁਲਾ ਕੇ ਲੀਜ ਸੰਬੰਧੀ ਕਾਰਵਾਈ ਦਾ ਫੈਸਲਾ ਹੋਣਾ ਚਾਹੀਦਾ ਹੈ। 

ਦੂਜੇ ਪਾਸੇ ਸਰਪੰਚ ਮਨਦੀਪ ਸਿੰਘ ਢਿੱਲੋਂ ਨੇ ਸਮੁੱਚੇ ਦੋਸ਼ਾਂ ਨੂੰ ਖਾਰਜ਼ ਕਰਦਿਆਂ ਕਿਹਾ ਕਿ ਪੰਚਾਇਤ ਦੀ 14 ਏਕੜ 16 ਮਰਲੇ ਜ਼ਮੀਨ ਲੀਜ਼ ’ਤੇ ਦੇਣ ਦੀ ਪਰਵਾਨਗੀ ਮੰਗੀ ਗਈ ਹੈ। ਪਰਵਾਨਗੀ ਮਗਰੋਂ ਖੁੱਲੀ ਜਨਤਕ ਬੋਲੀ ਹੋਵੇਗੀ। ਜ਼ਮੀਨ ਦੀ ਮੁੱਢਲੀ ਬੋਲੀ ਕਰੀਬ ਸਲਾਨਾ 4 ਲੱਖ ਰੁਪਏ ਰੱਖੀ ਹੈ, ਉਸ ਤੋਂ ਵੱਧ ਬੋਲੀ ਦੇ ਕੇ ਕੋਈ ਵੀ ਵਿੱਦਿਅਕ ਅਦਾਰੇ ਲਈ ਜ਼ਮੀਨ ਲੀਜ਼ ’ਤੇ ਲੈ ਸਕਦਾ ਹੈ। ਠੇਕੇ ਦੀ ਰਕਮ ’ਚ ਸਲਾਨਾ ਦਸ ਫ਼ੀਸਦੀ ਵਾਧਾ ਹੋਵੇਗਾ। ਸਰਪੰਚ ਮੁਤਾਬਕ ਹੁਣ ਤੱਕ ਇਸ ਜ਼ਮੀਨ ਦਾ ਸਲਾਨਾ ਠੇਕਾ ਲਗਪਗ ਢਾਈ ਲੱਖ ਰੁਪਏ ਆਉਂਦਾ ਰਿਹਾ ਹੈ। 

ਲੰਬੀ ਦੇ ਬੀ.ਡੀ.ਪੀ.ਓ. ਰਾਕੇਸ਼ ਬਿਸ਼ਨੋਈ ਦਾ ਕਹਿਣਾ ਸੀ ਕਿ ਫਤੂਹੀਵਾਲਾ ਦੀ ਜ਼ਮੀਨ ਨੂੰ 33 ਸਾਲਾ ਲੀਜ਼ ’ਤੇ ਦੇਣ ਖਾਤਰ ਕੇਸ ਡਿਪਟੀ ਡਾਇਰੈਕਟਰ ਫਿਰੋਜ਼ਪੁਰ ਨੂੰ ਪਰਵਾਨਗੀ ਲਈ ਭੇਜਿਆ ਗਿਆ ਹੈ। 

No comments:

Post a Comment