11 October 2021

ਸ਼ਾਹੀ ਨੌਕਰੀ: ਤਰਨ ਤਾਰਨ ’ਚ ਬੈਠਿਆਂ ਭੀਟੀਵਾਲਾ ਸਿਹਤ ਸੈਂਟਰ ’ਚ ਲੱਗਦੀ ਰਹੀ ‘ਹਾਜ਼ਰੀ’




* ਅਫ਼ਸਰਾਂ ਦੀ ਮਿਲੀਭੁਗਤ ਨਾਲ ਸੀ.ਐਚ.ਸੀ. ਲੰਬੀ ਦੇ ਸਾਰੇ ਸੈਂਟਰਾਂ ’ਚ ਚੱਲਦੀਆਂ ਖੁੱਲ੍ਹੀਆਂ ਖੇਡਾਂ

* 7 ਸਤੰਬਰ ਤੋਂ 17 ਸਤੰਬਰ ਤੱਕ ਖਾਲੀ ਹਾਜ਼ਰੀ ‘ਖਾਨਾ’ ਦੇ ਰਿਹਾ ਗਵਾਹੀ


ਇਕਬਾਲ ਸਿੰਘ ਸ਼ਾਂਤ

ਲੰਬੀ: ਪਿਛਲੇ ਸਾਢੇ ਚਾਰ ਦੌਰਾਨ ਪੰਜਾਬ ਵਿੱਚ ਸਰਕਾਰੀ ਨੌਕਰੀ ਵੀ ਐਸ਼ੋ-ਆਰਾਮ ਵਾਲਾ ‘ਨਵਾਬੀ-ਕਿੱਤਾ’ ਹੋ ਗਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਰਕਾਰੀ ਅਮਲੇ ਨੂੰ ਦਫ਼ਤਰਾਂ ’ਚ ਸਹੀ ਸਮੇਂ ਪੁੱਜ ਕੇ ਡਿਊਟੀ ਕਰਨ ਨੂੰ ਆਖ ਰਹੇ ਹਨ। ਜਦੋਂਕਿ ਜ਼ਮੀਨ ਪੱਧਰ ’ਤੇ ਸਰਕਾਰੀ ਮੁਲਾਜਮਾਂ ਦੀ ਵਗੈਰ ਡਿਊਟੀ ’ਤੇ ਆਏ ਘਰੋਂ ਬੈਠਿਆਂ ਹੀ ਸਰਕਾਰੀ ਅਦਾਰਿਆਂ ’ਚ ਹਾਜ਼ਰੀ ਲੱਗ ਰਹੀ ਹੈ। ਵਗੈਰ ਡਿਊਟੀ ਕੀਤੇ ਸਰਕਾਰੀ ਖਜ਼ਾਨੇ ਨੂੰ ਖੋਰਾ ਲਗਾਉਣ ਵਾਲਾ ਇਹ ਕਾਰਗੁਜਾਰੀ ਕਮਿਊਨਿਟੀ ਸਿਹਤ ਸੈਂਟਰ ਲੰਬੀ ਦੇ ਅਧੀਨ ਪੈਂਦੇ ਪਿੰਡ ਭੀਟੀਵਾਲਾ ਵਿਖੇ ਹੈਲਥ ਐਂਡ ਵੈਲਨੈੱਸ ਸੈਂਟਰ ’ਤੇ ਸਾਹਮਣੇ ਆਇਆ ਹੈ। ਇਸ ਸੈਂਟਰ ਵਿਖੇ ਤਾਇਨਾਤ ਇੱਕ ਲੇਡੀ ਹੈਲਥ ਵਿਜ਼ਟਰ (ਐਲ.ਐਚ.ਵੀ.) ਦੀ ਘਰੇ ਬੈਠਿਆਂ ਹੀ ਹੈਲਥ ਸੈਂਟਰ ’ਚ ਕਥਿਤ ਹਾਜ਼ਰੀ ਲੱਗਦੀ ਆ ਰਹੀ ਹੈ। ਹਾਜ਼ਰੀ ਰਜਿਸਟਰ ਦੇ ਮਿਲੇ ਸਬੂਤਾਂ ਮੁਤਾਬਕ ਇਸ ਐਲ.ਐਚ.ਵੀ. ਮੁਲਾਜਮ ਦੀ ਬੀਤੀ 7 ਸਤੰਬਰ ਤੋਂ 17 ਸਤੰਬਰ 2021 ਤੱਕ ਹਾਜਰੀ ਵਾਲਾ ਖਾਨਾ ਖਾਲੀ (ਜਿਸਦੇ ਸਬੂਤ ਸਾਡੇ ਕੋਲ ਹਨ) ਪਾਇਆ ਗਿਆ। ਇਸ ਪੱਤਰਕਾਰ ਨੇ ਜਦੋਂ ਭੀਟੀਵਾਲਾ ਸੈਂਟਰ ’ਤੇ ਪੁੱਜ ਕੇ ਹਾਜ਼ਰੀ ਰਜਿਸਟਰ ਪੜਤਾਲਿਆ ਤਾਂ ਉਕਤ ਐਲ.ਐਚ.ਵੀ ਦੀਆਂ 7 ਤੋਂ 17 ਸਤੰਬਰ 2021 ਵਾਲੀ ਹਾਜ਼ਰੀਆਂ ਲੱਗੀਆਂ ਹੋਈਆਂ ਸਨ। ਨਿਯਮਾਂ ਮੁਤਾਬਕ ਮੁਲਾਜਮਾਂ ਦੀ ਹਾਜ਼ਰੀ ਰੋਜ਼ਾਨਾ ਅਤੇ ਉਸਦੀ ਡਿਊਟੀ/ਛੁੱਟੀ ਜਾਂ ਸਥਿਤੀ ਦਰਜ ਹੋਣੀ ਚਾਹੀਦੀ ਹੈ। ਉਸਦੇ ਨਾਲ ਹੋਰਨਾਂ ਦੇ ਮੁਲਾਜਮਾਂ ਦੀ ਹਾਜ਼ਰੀ ’ਚ ਊਣਤਾਈਆਂ ਵਿਖਦੀਆਂ ਹਨ। ਉਸਦੀ ਲੰਮੀ ਗੈਰਹਾਜ਼ਰੀ ਚਰਚਾ ਵਿੱਚ ਹੈ।
ਉਕਤ ਐਲ.ਐਚ.ਵੀ ਮੁਲਾਜਮ ਤਰਨਤਾਰਨ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਹਾਜਰੀ ਰਜਿਸਟਰ ਮੁਤਾਬਕ ਮਾਰਚ ਅਤੇ ਜੁਲਾਈ 2021 ’ਚ ਉਸਦੀ ਡਿਊਟੀ ਸੀ.ਐਚ.ਸੀ. ਲੰਬੀ ਵਿਖੇ ਵਿਖਾਈ ਗਈ ਹੈ। ਇਸ ਸਮੁੱਚੀ ਕਾਰਗੁਜਾਰੀ ’ਚ ਸੀਨੀਅਰ ਅਫ਼ਸਰਾਂ ਦੀ ਪੂਰੀ ਛਤਰ-ਛਾਇਆ ਦੱਸੀ ਜਾਂਦੀ ਹੈ। ਸੂਤਰਾਂ ਮੁਤਾਬਕ ਇੱਥੋਂ ਦੇ ਸਿਹਤ ਅਮਲੇ ਵਿੱਚੋਂ ਕਿਸੇ ਵੱਲੋਂ ਘਰ ਬੈਠੀ ਐਲ.ਐਚ.ਵੀ ਦੀ ਹਾਜ਼ਰੀ ਰਜਿਸਟਰ ’ਚ ਉਸਦੀ ‘ਦੋ ਅੱਖਰਾਂ’ ਵਾਲੀ ਹਾਜ਼ਰੀ ਲਗਾ ਦਿੱਤੀ ਜਾਂਦੀ ਹੈ।
ਸਿਹਤ ਸੈਂਟਰ ਭੀਟੀਵਾਲਾ ਸੈਂਟਰ ’ਤੇ ਤਾਇਨਾਤ ਮਹਿਲਾ ਅਮਲੇ ਨੇ ਪੱਤਰਕਾਰ ਕੋਲ ਕਬੂਲਿਆ ਕਿ ਐਲ.ਐਚ.ਵੀ ਮਹਿਲਾ ਮੁਲਾਜਮ ਤਰਨਤਾਰਨ ਤੋਂ ਦੂਰੋਂ ਆਉਂਦੀ ਹੈ। ਉਹ ਕਦੇ-ਕਦੇ ਹੀ ਆਉਂਦੀ ਹਨ। ਜਦੋਂ ਵੀ ਉਹ ਆਉਂਦੇ ਹਨ ਉਦੋਂ ਹਾਜ਼ਰੀ ਕੰਪਲੀਟ ਕਰ ਜਾਂਦੇ ਹਨ। ਮੀਡੀਆ ਪੜਤਾਲ ਮੁਤਾਬਕ ਉਸਦੀ ਹਾਜ਼ਰੀ ਵਾਲੇ ਦੋਵੇਂ ਅੱਖਰ ਵੀ ਬਹੁਤ ਜਗ੍ਹਾ ਆਪਸ ’ਚ ਨਹੀਂ ਮੇਲ ਖਾਂਦੇ ਵਿਖਾਈ ਦਿੱਤੇ।



ਉਸਦੀ ਗੈਰਹਾਜ਼ਰੀ ਨਾਲ ਹੋਰਨਾਂ ਮੁਲਾਜਮਾਂ ’ਤੇ ਕੰਮ ਦਾ ਬੋਝ ਵਧ ਗਿਆ ਹੈ। ਹਾਲਾਂਕਿ ਇੱਥੇ ਹੋਰਨਾਂ ਮੁਲਾਜਮਾਂ ਦੀ ਵੀ ਡਿਊਟੀ ਪ੍ਰਤੀ ਖੁੱਲ੍ਹੀ ਖੇਡਾਂ ਦੀਆਂ ਰਿਪੋਰਟਾਂ ਹਨ। ਪੁਖਤਾ ਸੂਤਰਾਂ ਮੁਤਾਬਕ ਸੀ.ਐਚ.ਸੀ. ਅਤੇ ਉਸਦੇ ਅਧੀਨ ਸਾਰੇ ਸਿਹਤ ਕੇਂਦਰਾਂ ’ਚ ਕੰਮ-ਚੋਰੀ ਦੇ ਇਲਾਵਾ ਬਹੁਤ ਕੁੱਝ ਗੈਰਵਾਜਬ ਹੁੰਦਾ ਹੈ। ਚਰਚਾ ਹੈ ਕਿ ਸੀ.ਐਚ.ਸੀ ਦੇ ਹੇਠਲੇ ਸੈਂਟਰਾਂ ’ਚ ਹਾਜ਼ਰੀ ਘਪਲੇ ਅਤੇ ਹੋਰਨਾਂ ਕਾਰਗੁਜਾਰੀਆਂ ਦੀ ਕਥਿਤ ਸੈਟਿੰਗ ’ਚ ਇੱਕ ਡਾਕਟਰ ਅਹਿਮ ਭੂਮਿਕਾ ਨਿਭਾਉਂਦਾ ਹੈ।
ਪੱਖ ਜਾਣਨ ਲਈ ਮਹਿਲਾ ਐਲ.ਐਚ.ਵੀ. ਸਵਰਨਜੀਤ ਕੌਰ ਨਾਲ ਸੰਪਰਕ ਕੀਤਾ ਤਾਂ ਉਸਨੇ ਕਿਹਾ ਕਿ ਉਹ ਕੰਦੂਖੇੜਾ ਵਿਖੇ ਕਮਰਾ ਕਿਰਾਏ ’ਤੇ ਲੈ ਕੇ ਰਹਿੰਦੀ ਹੈ। ਜਦੋਂ ਉਸਨੂੰ ਸਹਿਯੋਗੀ ਸਟਾਫ਼ ਦੇ ਬਿਆਨਾਂ ਬਾਰੇ ਦੱਸਿਆ ਤਾਂ ਉਸਨੇ ਕਿਹਾ ਕਿ ਉਹ ਤਬਾਦਲਾ ਕਰਵਾਉਣ ਲਈ ਕੋਸ਼ਿਸ਼ ਕਰ ਰਹੀ ਹੈ। ਜ਼ਿਲ੍ਹੇ ਦੇ ਸਿਹਤ ਅਧਿਕਾਰੀਆਂ ਵੱਲੋਂ ਪੱਖ ਪੁੱਛਣ ’ਤੇ ਉਹ ਸਿੱਧੇ ਤੌਰ ’ਤੇ ਕੁੱਝ ਕਹਿਣ ਤੋਂ ਬਚਦੇ ਹੋਏ ਪੜਤਾਲ ਦੀ ਗੱਲ ਆਖਦੇ ਰਹੇ। ਇਸੇ ਦੌਰਾਨ ਅੱਜ ਇੱਕ ਅਧਿਕਾਰੀ ਨੇ ਭੀਟੀਵਾਲਾ ਸੈਂਟਰ ਦਾ ਦੌਰਾ ਕਰਕੇ ਗੈਰਹਾਜ਼ਰੀ ’ਤੇ ਸਖ਼ਤੀ ਵਿਖਾਉਣ ਨਾਲੋਂ ਖਾਲੀ ਹਾਜ਼ਰੀ ਰਜਿਸਟਰ ਦੀ ਮੀਡੀਆ ਨੂੰ ਸੁੰਦਕ ਦੇਣ ਵਾਲੇ ਸੂਤਰਾਂ ਦੀ ਵੱਧ ਪੜਤਾਲ ਕੀਤੀ।

No comments:

Post a Comment