10 October 2021

ਮੁਆਵਜ਼ਾ: ਕਿਸਾਨਾਂ ਨਾਲ ਉੱਚ ਪੱਧਰੀ ਮੀਟਿੰਗ ਲਈ ਸਰਕਾਰ ਵੱਲੋਂ ‘ਹੋਮ ਵਰਕ’ ਸ਼ੁਰੂ


- ਸਮੂਹ ਡੀ. ਸੀਜ਼ ਤੋਂ 11 ਅਕਤੂਬਰ ਤੱਕ ਨਰਮਾ ਖ਼ਰਾਬੇ ਦੇ ਪੂਰੇ ਵੇਰਵੇ ਮੰਗੇ

ਇਕਬਾਲ ਸਿੰਘ ਸ਼ਾਂਤ

ਡੱਬਵਾਲੀ, 9 ਅਕਤੂਬਰ 

ਪੰਜਾਬ ਸਰਕਾਰ ਨੇ ਗੁਲਾਬੀ ਸੰੁਡੀ ਕਰਕੇ ਖ਼ਰਾਬੇ ’ਤੇ ਭਾਕਿਯੂ ਏਕਤਾ ਉਗਰਾਹਾਂ ਨਾਲ 13 ਅਕਤੂਬਰ ਦੀ ਉੱਚ ਪੱਧਰੀ ਮੀਟਿੰਗ ਲਈ ‘ਹੋਮ ਵਰਕ’ ਸ਼ੁਰੂ ਕਰ ਦਿੱਤਾ ਹੈ। ਸਰਕਾਰ ਦੇ ਮਾਲ, ਪੁਨਰਵਾਸ ਅਤੇ ਡਿਜਾਸਟਰ ਮੈਨੇਜਮੈਂਟ ਵਿਭਾਗ ਨੇ ਸੂਬੇ ਦੇ ਸਮੂਹ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਤੋਂ ਗੁਲਾਬੀ ਸੁੰਡੀ ਕਰਕੇ ਨਰਮੇ ਦੀ ਫ਼ਸਲ ਸੰਬੰਧੀ ਵੇਰਵੇ 11 ਅਕਤੂਬਰ ਤੱਕ ਮੰਗੇ ਹਨ। ਸਰਕਾਰ ਵੱਲੋਂ ਜਾਰੀ ਹਦਾਇਤ ’ਚ ਗੁਲਾਬੀ ਸੁੰਡੀ ਕਰਕੇ ਨਰਮਾ ਫ਼ਸਲ ਦੇ ਨੁਕਸਾਨ ਦੀ ਸਾਰੇ ਪੱਖਾਂ ਤੋਂ ਮੁਕੰਮਲ ਵਿਸ਼ੇਸ਼ ਗਿਰਦਾਵਰੀ ਦੀ ਮੰਗੀ ਹੈ। ਪਤਾ ਲੱਗਿਆ ਹੈ ਕਿ ਸਰਕਾਰ ਨੂੰ ਅਜੇ ਤੱਕ ਕਾਫ਼ੀ ਜ਼ਿਲਿਆਂ ਗੁਲਾਬੀ ਸੁੰਡੀ ਕਰਕੇ ਨਰਮਾ ਫ਼ਸਲ ਦੇ ਨੁਕਸਾਨ ਦੀ ਰਿਪੋਰਟ ਨਹੀਂ ਪੁੱਜੀ ਹੈ। ਸੂਤਰਾਂ ਅਨੁਸਾਰ ਸਰਕਾਰ ਕਿਸਾਨਾਂ ਨਾਲ ਮੀਟਿੰਗ ਮੌਕੇ ਪੂਰੇ ਵੇਰਵਿਆਂ ਸਮੇਤ ਗੱਲਬਾਤ ਦੇ ਰੌਂਅ ਵਿੱਚ ਹੈ। ਨੁਕਸਾਨ ਦੇ ਜ਼ਮੀਨੀ ਵੇਰਵਿਆਂ ਦੀ ਘਾਟ ਮੁੱਖ ਮੰਤਰੀ ਦੇ ਨਿਰਦੇਸ਼ਾਂ ਮੁਤਾਬਕ ਬਣਦੀ ਰਾਹਤ ਜਾਰੀ ਕਰਨ ’ਚ ਅੜਿੱਕਾ ਬਣ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੀ 26 ਸਤੰਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨਰਮਾ ਪੱਟੀ ਦਾ ਦੌਰਾ ਕਰਕੇ ਗੁਲਾਬੀ ਸੁੰਡੀ ਕਰਕੇ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਤੁਰੰਤ ਸਰਵੇ ਦੇ ਨਿਰਦੇਸ਼ ਦਿੱਤੇ ਸਨ। 

   

No comments:

Post a Comment