10 October 2021

ਮੀਟਿੰਗ ਰੱਦ ਕਰਨ ਤੋਂ ਤ੍ਰਭਕੇ ਕਿਸਾਨਾਂ ਨੇ ਤਿਹਰੇ-ਚੋਹਰੇ ਨਾਕੇ ਤੋੜ ਕੇ ਵਿੱਤ ਮੰਤਰੀ ਰਿਹਾਇਸ਼ ਦੇ ਦੋਵੇਂ ਬੂਹੇ ’ਤੇ ਘੇਰੇ


- ਘਰ ਮੂਹਰੇ ਬਠਿੰਡਾ-ਲੰਬੀ ਸੜਕ ’ਤੇ ਟੈਂਟ ਲਗਾ ਕੇ ਪੱਕਾ ਮੋਰਚਾ ਲਗਾਇਆ

- ਤਿੱਖੇ ਸੰਘਰਸ਼ ਕਾਰਨ ਡੀ. ਸੀ. ਅਤੇ ਐਸ.ਐਸ.ਪੀ. ਨੇ ਪਿੰਡ ਬਾਦਲ ’ਚ ਲਗਾਇਆ ਡੇਰਾ

ਇਕਬਾਲ ਸਿੰਘ ਸ਼ਾਂਤ

ਲੰਬੀ, 9 ਅਕਤੂਬਰ : ਨਰਮੇ ਨੂੰ ਗੁਲਾਬੀ ਸੁੰਡੀ ਖਰਾਬੇ ਦੇ ਮੁਆਵਜੇ ਬਾਰੇ ਪੰਜਾਬ ਸਰਕਾਰ ਨਾਲ ਅੱਜ ਕਿਸਾਨਾਂ ਦੀ ਮੁਕੱਰਰ ਮੀਟਿੰਗ ਮੁਲਤਵੀ ਹੋਣ ਖਿਲਾਫ਼ ਬਾਦਲ ਪਿੰਡ ’ਚ ਡਟੀ ਬੈਠੀ ਭਾਕਿਯੂ ਏਕਤਾ ਉਗਰਾਹਾਂ ਨੇ ਸਿਖਰਲਾ ਕਦਮ ਚੁੱਕ ਦਿੱਤਾ। ਯੂਨੀਅਨ ਦੇ ਹਜ਼ਾਰਾਂ ਕਿਸਾਨਾਂ ਨੇ ਪੁਲੀਸ ਦੇ ਤਿਹਰੇ-ਚੋਹਰੇ ਨਾਕੇ ਢਹਿ-ਢੇਰੀ ਕਰਦੇ ਵਿੱਤ ਮੰਤਰੀ ਦੇ ਘਰ ਦੇ ਦੋਵੇਂ ਬੂਹੇ ਪੱਕੇ ਤੌਰ ’ਤੇ ਘੇਰ ਲਏ। ਯੂਨੀਅਨ ਨੇ ਮਨਪ੍ਰੀਤ ਬਾਦਲ ਦੇ ਘਰ ਮੂਹਰੇ ਪੱਕਾ ਟੈਂਟ ਲਗਾ ਕੇ ਸਰਕਾਰ ਨਾਲ ਸਿੱਧਾ ਆਹਡਾ ਲਗਾ ਲਿਆ ਹੈ। ਕੱਲ ਸ਼ਾਮ ਡਿਪਟੀ ਕਮਿਸ਼ਨਰ ਵੱਲੋਂ ਅੱਜ ਮੀਟਿੰਗ ਨਾ ਹੋਣ ਸਕਣ ਦੀ ਸੂਚਨਾ ਮਗਰੋਂ ਕਿਸਾਨ ਦਾ ਸਰਕਾਰ ਪ੍ਰਤੀ ਰੋਹ ਪਨਪ ਪਿਆ। ਅੱਜ ਸਵੇਰੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਪੰਜਾਂ ਜ਼ਿਲਿਆਂ ਦੇ ਆਗੂਆਂ ਦੀ ਮੀਟਿੰਗ ’ਚ ਵਿੱਤ ਮੰਤਰੀ ਦੇ ਘਰ ਮੂਹਰੇ ਮੋਰਚਾ ਲਾਉਣ ਦਾ ਫੈਸਲਾ ਹੋਇਆ। ਬਾਅਦ ’ਚ ਸ਼ੰਗਾਰਾ ਸਿੰਘ ਮਾਨ ਨੇ ਸਟੇਜ ਤੋਂ ਦੋਵੇਂ ਗੇਟਾਂ ਦਾ ਘਿਰਾਓ ਦਾ ਐਲਾਨ ਕਰ ਦਿੱਤਾ। ਕੁਝ ਮਿੰਟਾਂ ’ਚ ਹੀ ਹਜ਼ਾਰਾਂ ਕਿਸਾਨ ਸਮੁੱਚੀਆਂ ਰੋਕਾਂ ਨੂੰ ਖਿੰਡਾਅ ਕੇ ਅਗਾਂਹ ਵਧ ਗਏ ਅਤੇ ਮੁਕੰਮਲ ਘਿਰਾਓ ਕਰ ਲਿਆ।

ਜ਼ਿਕਰਯੋਗ ਹੈ ਕਿ ਮੀਟਿੰਗ ਮੁਲਤਵੀ ਹੋਣ ਕਰਕੇ ਅੱਜ ਪੁਲਿਸ ਨੇ ਰੋਹਜਦਾ ਕਿਸਾਨਾਂ ਦੇ ਸੰਭਾਵੀ ਐਕਸ਼ਨ ਦੇ ਮੱਦੇਨਜ਼ਰ ਵਿੱਤ ਮੰਤਰੀ ਦੇ ਘਰ ਅਤੇ ਪੱਕੇ ਮੋਰਚੇ ਵਿਚਕਾਰ ਨਾਕਿਆਂ ਦੀ ਗਿਣਤੀ ਵਧਾ ਦਿੱਤੀ ਸੀ। ਉਥੇ ਨਾਕਿਆਂ ’ਤੇ ਕੰਡਿਆਲੀ ਤਾਰਾਂ, ਅੱਧੀ ਦਰਜਨ ਵਜਰ ਵਾਹਨ, ਜਲ ਤੋਪਾਂ ਅਤੇ ਸੈਂਕੜੇ ਮਰਦ ਔਰਤ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਹੋਏ ਸਨ। ਪ੍ਰਸ਼ਾਸਨ ਨੇ ਵਿੱਤ ਮੰਤਰੀ ਦੇ ਘਰ ਦੀ ਮੂਹਰਲੀ ਕੰਧ ਅਤੇ ਬੂਹਿਆਂ ਅੱਗੇ ਲੰਮੀਆਂ ਰੋਕਾਂ ਲਗਾ ਕੇ ਕਤਾਰਬੱਧ ਪੁਲਿਸ ਮੁਲਾਜਮ ਖੜੇ ਕੀਤੇ ਸਨ। ਡਿਪਟੀ ਕਮਿਸ਼ਨਰ ਐਚ.ਐਸ. ਸੂਦਨ ਅਤੇ ਜ਼ਿਲਾ ਪੁਲਿਸ ਮੁਖੀ ਚਰਨਜੀਤ ਸਿੰਘ ਸਵੇਰੇ ਤੋਂ ਪਿੰਡ ਬਾਦਲ ’ਚ ਪਾਵਰਕਾਮ ਰੈਸਟ ਹਾਊਸ ਵਿੱਚੋਂ ਸਥਿਤੀ ’ਤੇ ਨਜ਼ਰ ਬਣਾਏ ਹੋਏ ਸਨ। ਰੋਹਜਦਾ ਕਿਸਾਨਾਂ ਨੇ ਮਹਿਜ਼ ਅੱਧੇ ਘੰਟੇ ਵਿੱਚ ਵਿੱਤ ਮੰਤਰੀ ਦੇ ਘਰ ਮੂਹਰੇ ਲੰਬੀ-ਬਠਿੰਡਾ ਸੜਕ ’ਤੇ ਵਿਸ਼ਾਲ ਟੈਂਟ ਗੱਡ ਕੇ ਪੱਕਾ ਮੋਰਚਾ ਸਥਾਪਿਤ ਕਰ ਦਿੱਤਾ। 


ਭਾਕਿਯੂ ਏਕਤਾ ਉਗਰਾਹਾਂ ਦੇ ਸੂਬਾ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਵਿੱਤ ਮੰਤਰੀ ਦੇ ਘਰ ਮੂਹਰੇ ਪੱਕੇ ਮੋਰਚੇ ਨੂੰ ਸੰਬੋਧਨ ਕਰਦੇ ਆਖਿਆ ਕਿ ਕਾਂਗਰਸ ਸਰਕਾਰ ਨੇ ਮੀਟਿੰਗ ਰੱਦ ਕਰਕੇ ਕਿਸਾਨਾਂ ਮਜ਼ਦੂਰਾਂ ਪ੍ਰਤੀ ਮਾਰੂ ਨੀਤੀ ਨੂੰ ਉਜਾਗਰ ਕੀਤਾ ਹੈ। ਉਨਾਂ ਕਿਹਾ ਕਿ ਯੂਨੀਅਨ ਨੇ ਪਹਿਲਾਂ ਵੀ ਸਰਕਾਰ ਦੀ ਮਾੜੀ ਨੀਯਤ ਵੇਖੀ ਹੈ ਅਤੇ ਬਾਅਦ ਵਿਚ ਇਹੋ ਸਰਕਾਰ ਐਤਵਾਰ ਨੂੰ ਵੀ ਮੁਆਵਜੇ ਦੇ ਕਰੋੜਾਂ ਰੁਪਏ ਜਾਰੀ ਕਰਨ ਲਈ ਮਜ਼ਬੂਰ ਹੋਈ ਹੈ। ਮੋਰਚੇ ਦੀ ਸਟੇਜ ਤੋਂ ਐਲਾਨ ਕੀਤਾ ਗਿਆ ਕਿ ਵਿੱਤ ਮੰਤਰੀ ਦੇ ਘਰ ਦੇ ਦੋਵੇਂ ਬੂਹੇ ਘੇਰੇ ਜਾ ਚੁੱਕੇ ਹਨ। ਹੁਣ ਕੋਈ ਅੰਦਰੋਂ ਬਾਹਰ ਅਤੇ ਬਾਹਰੋਂ ਅੰਦਰ ਜਾਣ ਦੀ ਕੋਸ਼ਿਸ਼ ਨਾ ਕਰੇ। ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨਾ ਮੰਨੀ ਤਾਂ ਉਨਾਂ ਨੂੰ ਇਸ ਘਰ ਦੀ ਬਾਕੀ ਦਰਵਾਜ਼ਿਆਂ ਦੀ ਵੀ ਪੂਰੀ ਜਾਣਕਾਰੀ ਹੈ। ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਅਤੇ  ਔਰਤ  ਕਿਸਾਨ  ਜਥੇਬੰਦੀ ਦੇ ਆਗੂ ਪਰਮਜੀਤ ਕੌਰ ਪਿੱਥੋ ਨੇ ਸਰਕਾਰ ਦੀ ਨਾਂਹ-ਪੱਖੀ ਰਵੱਈਏ ਨੂੰ ਗੈਰਲੋਕਤੰਤਰਿਕ ਦੱਸਿਆ। ਇਸ ਮੌਕੇ ਹਰਜਿੰਦਰ ਸਿੰਘ ਬੱਗੀ, ਰਾਮ ਸਿੰਘ ਭੈਣੀਬਾਘਾ, ਗੁਰਭੇਜ ਸਿੰਘ, ਗੁਰਪਾਸ਼ ਸਿੰਘੇਵਾਲਾ, ਨੱਥਾ ਸਿੰਘ ਰੋੜੀਕਪੂਰਾ ਨੇ ਸੰਬੋਧਨ ’ਚ ਕਿਹਾ ਕਿ ਪੰਜ ਦਿਨਾਂ ਤੋਂ ਕਿਸਾਨਾਂ ਮਜਦੂਰਾਂ ਨੂੰ ਅਣਗੌਲਿਆਂ ਕਰਨ ’ਤੇ ਸਰਕਾਰ ਪ੍ਰਤੀ ਕਿਸਾਨਾਂ ਮਜਦੂਰਾਂ ਦਾ ਗੁੱਸਾ ਲਗਾਤਾਰ ਵਧਦਾ ਜਾ ਰਿਹਾ ਹੈ  ਅਤੇ  ਇਹ ਗੁੱਸਾ ਨਰਮਾ ਤੇ ਹੋਰ ਖਰਾਬ ਹੋਈਆਂ ਫਸਲਾਂ ਦਾ ਪੂਰਾ ਮੁਆਵਜਾ ਲੈਣ ਤੋਂ ਬਾਅਦ ਹੀ ਮੱਠਾ ਪਵੇਗਾ। 


No comments:

Post a Comment