04 October 2021

ਧਰਤੀ ਦੇ ਪੁੱਤਰ ਖਾਲੀ ਖ਼ਜ਼ਾਨੇ ਵਾਲੇ ਵਿੱਤ ਮੰਤਰੀ ਦਾ ‘ਬੂਹਾ’ ਮੱਲ ਕੇ ਲੈਣਗੇ ਮੁਆਵਜ਼ਾ

                                  


- ਮੋਰਚੇ ਦੀ ਵਿਉਂਤਬੰਦੀ ਲਈ ਉਗਰਾਹਾਂ ਦੇ ਪੰਜ ਜ਼ਿਲਿਆਂ ਦੇ ਆਗੂਆਂ ਦੀ ਲੰਬੀ ’ਚ ਮੀਟਿੰਗ
-ਸਿਰਫ਼ ਨਰਮਾ ਖ਼ਰਾਬਾ ਹੀ ਨਹੀਂ, ਝੋਨੇ ਦੀ ਖਰੀਦ ਲਈ ਲੜਨਾ ਪਵੇਗਾ ਸੰਘਰਸ਼: ਸ਼ੰਗਾਰਾ ਮਾਨ 


ਇਕਬਾਲ ਸਿੰਘ ਸ਼ਾਂਤ
ਲੰਬੀ, 3 ਅਕਤੂਬਰ 
ਨਰਮਾ ਪੱਟੀ ਦੇ ਕਿਸਾਨ ਗੁਲਾਬੀ ਸੁੰਡੀ ਕਰਕੇ ਖ਼ਰਾਬ ਹੋਏ ਨਰਮੇ ਦਾ ਮੁਆਵਜ਼ਾ ‘ਖਾਲੀ’ ਖਜ਼ਾਨੇ ਵਾਲੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਬੂਹਾ ਮੱਲ ਕੇ ਲੈਣਗੇ। ਪਿੰਡ ਬਾਦਲ ਦੀਆਂ ਬਰੂਹਾਂ ਤੋਂ ਕਿਸਾਨੀ ਨੂੰ ਹੱਕੀ ਇਨਸਾਫ਼ ਦਿਵਾਉਣ ਸੂਬੇ ਦੀ ਸਭ ਤੋਂ ਵੱਧ ਕਾਡਰ ਗਿਣਤੀ ਵਾਲੀ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਨੇ ਪੱਕੀ ਵਿਉਂਤਬੰਦੀ ਕਰ ਲਈ ਹੈ। ਭਾਕਿਯੂ ਏਕਤਾ ਉਗਰਾਹਾਂ ਦੇ ਪੰਜ ਜ਼ਿਲਿਆਂ ਦੀ ਲੀਡਰਸ਼ਿਪ ਦੀ ਮੀਟਿੰਗ ਅੱਜ ਪਿੰਡ ਲੰਬੀ ਵਿਖੇ ਗੁਦਰੁਆਰੇ ਵਿਖੇ ਹੋਈ। ਜਿਸਦੀ ਪ੍ਰਧਾਨਗੀ ਯੂਨੀਅਨ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕੀਤੀ। 

ਮੀਟਿੰਗ ’ਚ ਵਿੱਤ ਮੰਤਰੀ ਦੀ ਬਾਦਲ ਪਿੰਡ ਰਿਹਾਇਸ਼ ਮੂਹਰੇ 5 ਅਕਤੂਬਰ ਤੋਂ ਐਲਾਨੇ ਹੋਏ ਅਣਮਿਥੇ ਸਮੇਂ ਦੇ ਧਰਨੇ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਉਗਰਾਹਾਂ ਜਥੇਬੰਦੀ ਨੇ ਗੁਲਾਬੀ ਸੁੰਡੀ ਨਰਮਾ ਖ਼ਰਾਬੇ ਦਾ ਕਿਸਾਨਾਂ ਨੂੰ ਪ੍ਰਤੀ ਏਕੜ ਮੁਆਵਜ਼ਾ 60 ਹਜ਼ਾਰ ਰੁਪਏ ਅਤੇ ਖੇਤ ਮਜ਼ਦੂਰਾਂ ਨੂੰ ਰੁਜ਼ਗਾਰ ਉਜਾੜਾ ਭੱਤਾ 30 ਹਜ਼ਾਰ ਰੁਪਏ ਪ੍ਰਤੀ ਪਰਿਵਾਰ ਅਤੇ ਹੋਰਨਾਂ ਕੁਦਤਰੀ ਕਾਰਨਾਂ ਖ਼ਰਾਬ ਫ਼ਸਲਾਂ ਦੇ ਮੁਆਵਜੇ ਦੇ ਇਲਾਵਾ ਗੁਲਾਬੀ ਸੰੁਡੀ ਦੀ ਪੈਦਾਇਸ਼ ਲਈ ਜੁੰਮੇਵਾਰ ਬੀਜ/ਪੈਸਟੀਸਾਈਡਜ਼ ਕੰਪਨੀਆਂ ਖਿਲਾਫ਼ ਵੱਡੀ ਕਾਰਵਾਈ ਦੀ ਮੰਗ ਕੀਤੀ ਹੈ। ਮੋਰਚੇ ਵਿੱਚ ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਅਤੇ ਫਾਜਿਲਕਾ ਦੇ ਕਿਸਾਨ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨਗੇ। 

ਲੰਬੀ ਵਿਖੇ ਮੀਟਿੰਗ ਨੂੰ ਸੰਬੋਧਨ ਕਰਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ। 

ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਉਨਾਂ ਕਿਹਾ ਕਿ ਸੁੰਡੀ ਦਾ ਇੰਨਾ ਭਿਆਨਕ ਹਮਲਾ ਹੈ ਕਿ ਨਰਮੇ ਦੀ ਫਸਲ 100 ਫ਼ੀਸਦੀ ਤਬਾਹ ਹੋ ਚੁੱਕੀ ਹੈ ਜਿਸ ਕਾਰਨ ਕਿਸਾਨਾਂ ਵਿੱਚ ਖ਼ੁਦਕੁਸ਼ੀਆਂ ਦਾ ਮੰਦਭਾਗਾ ਵਰਤਾਰਾ ਹੋਰ ਤੇਜ਼ ਹੋ ਗਿਆ ਹੈ। ਸ੍ਰੀ ਮਾਨ ਨੇ ਸਮੂਹ ਕਿਸਾਨ-ਮਜ਼ਦੂਰਾਂ ਨੂੰ ਖੁਦਕੁਸ਼ੀਆਂ ਦਾ ਰਾਹ ਛੱਡ ਕੇ ਵੱਧ ਤੋਂ ਵੱਧ ਮੋਰਚੇ ’ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਬਾਦਲ ਪਿੰਡ ਮੋਰਚੇ ਦੀਆਂ ਸਮੁੱਚੇ ਇੰਤਜਾਮ ਨੇਪਰੇ ਚਾੜ ਲਏ ਗਏ ਹਨ। ਯੂਨੀਅਨ ਕਾਰਕੁੰਨਾਂ ਅਤੇ ਆਗੂਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ। ਸ੍ਰੀ ਮਾਨ ਨੇ ਕਿਹਾ ਕਿ ਮੋਰਚੇ ਦਾ ਮਕਸਦ ਸਿਰਫ਼ ਖ਼ਰਾਬ ਨਰਮੇ ਦਾ ਮੁਆਵਜ਼ਾ ਹੀ ਨਹੀਂ, ਬਲਕਿ ਮੰਡੀਆਂ ’ਚ ਝੋਨੇ ਦੀ ਸੁਚਾਰੂ ਖਰੀਦ ਅਤੇ ਸਮੇਂ ਸਿਰ ਲਿਫ਼ਟਿੰਗ ਦੇ ਨਾਲ ਅਤੇ ਬਾਹਰੀ ਝੋਨੇ ਦੀ ਆਮਦ ਨੂੰ ਨੱਥ ਪੁਆਉਣਾ ਵੀ ਹੈ। 


ਮੀਟਿੰਗ ਵਿੱਚ ਜ਼ਿਲਾ ਬਠਿੰਡਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਸੰਗਤ ਬਲਾਕ ਦੇ ਪ੍ਰਧਾਨ ਕੁਲਵੰਤ ਸ਼ਰਮਾ ਰਾਏ ਕੇ ਕਲਾਂ, ਜ਼ਿਲਾ ਮੁਕਤਸਰ ਸਾਹਿਬ ਤੋਂ ਗੁਰਪਾਸ਼ ਸਿੰਘ ਸਿੰਘੇਵਾਲਾ, ਭੁਪਿੰਦਰ ਸਿੰਘ ਚੰਨੂ ਅਤੇ ਸੁੱਚਾ ਸਿੰਘ ਕੋਟਭਾਈ, ਜ਼ਿਲਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਜ਼ਿਲਾ ਫਰੀਦਕੋਟ ਤੋਂ ਨੱਥਾ ਸਿੰਘ ਰੋੜੀਕਪੂਰਾ ਅਤੇ ਸੁਖਦੇਵ ਸਿੰਘ ਰਾਮੂਵਾਲਾ, ਜ਼ਿਲਾ ਫਾਜਿਲਕਾ ਦੇ ਪ੍ਰਧਾਨ ਗੁਰਭੇਜ ਸਿੰਘ ਰੋਹੀਵਾਲਾ ਅਤੇ ਜ਼ਿਲਾ ਆਗੂ ਪੂਰਨ ਸਿੰਘ ਸ਼ਾਮਲ ਸਨ। 


ਨਰਮੇ ਖ਼ਰਾਬੇ ਦੇ ਖੁਦਕੁਸ਼ੀ ਪੀੜਤਾਂ ਲਈ ਤੁਰੰਤ ਮੁਆਵਜੇ ਦੀ ਮੰਗ
ਭਾਕਿਯੂ ਏਕਤਾ ਉਗਰਾਹਾਂ ਨੇ ਗੁਲਾਬੀ ਸੁੰਡੀ ਕਾਰਨ ਨਰਮਾ ਖ਼ਰਾਬ ਦੇ ਆਰਥਿਕ ਝੋਰੇ ਵਿੱਚ ਖੁਦਕੁਸ਼ੀਆਂ ਕਰ ਗਏ ਚਾਰ ਕਿਸਾਨਾਂ ਦੇ ਪਰਿਵਾਰਾਂ ਨੂੰ ਤੁਰੰਤ ਮੁਆਵਜ਼ਾ, ਨੌਕਰੀ ਅਤੇ ਸਾਰਾ ਕਰਜ਼ਾ ਮਾਫ਼ੀ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਨਰਮਾ ਖ਼ਰਾਬੇ ਕਰਕੇ ਜ਼ਿਲਾ ਅਤੇ ਮਾਨਸਾ ਅਤੇ ਬਠਿੰਡਾ ’ਚ ਦੋ-ਦੋ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਹੋ ਚੁੱਕੀਆਂ ਹਨ। 

   

No comments:

Post a Comment