12 October 2021

ਮਨਪ੍ਰੀਤ ਬਾਦਲ ਨੂੰ ਚੁੱਪੀ ਪਵੇਗੀ ਭਾਰੀ, ਵਿਰੋਧੀ ਰੰਗ ਵਿਖਾਉਣ ਦੀ ਮਿਲੀ ਚਿਤਾਵਨੀ


 ਇਕਬਾਲ ਸਿੰਘ ਸ਼ਾਂਤ

ਡੱਬਵਾਲੀ, 11 ਅਕਤੂਬਰ

ਗੁਲਾਬੀ ਸੰੁਡੀ ਦੇ ਸਤਾਏ ਨਰਮਾ ਉਤਪਾਦਕ ਕਿਸਾਨਾਂ ਪ੍ਰਤੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਚੁੱਪੀ ਦੇ ਖਿਲਾਫ਼ ਪੱਕੇ ਮੋਰਚੇ ’ਤੇ ਡਟੇ ਕਿਸਾਨਾਂ ਪਿੰਡ ਬਾਦਲ ਦੀਆਂ ਗਲੀਆਂ ’ਚ ਮੁਜਾਹਰਾ ਕੱਢਿਆ। ਵੱਡੀ ਤਾਦਾਦ ਟਰੈਕਟਰ-ਟਰਾਲੀਆਂ ’ਤੇ ਮੌਜੂਦ ਸੈਂਕੜੇ ਕਿਸਾਨਾਂ ਨੇ ਕਾਂਗਰਸ ਸਰਕਾਰ ਅਤੇ ਵਿੱਤ ਮੰਤਰੀ ਦੀ ਗੁਲਾਬੀ ਸੁੰਡੀ ਦੇ ਪੀੜਤ ਕਿਸਾਨਾਂ ਪ੍ਰਤੀ ਬੇਰੁੱਖੀ ਖਿਲਾਫ਼ ਰੱਜ ਕੇ ਭੜਾਸ ਕੱਢੀ। ਕਿਸਾਨਾਂ ਦਾ ਪੱਕਾ ਮੋਰਚਾ ਅੱਜ ਸੱਤਵੇਂ ਦਿਨ ਵੀ ਭਖਵੇਂ ਜਲੌਅ ਵਿੱਚ ਰਿਹਾ। ਭਾਕਿਯੂ ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ ਨੇ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਚੁਣੇ ਹੋਏ ਲੋਕ-ਨੁਮਾਇੰਦੇ ਹਨ ਅਤੇ ਖੁਦ ਇੱਕ ਕਿਸਾਨ ਵੀ ਹਨ। ਇਸਦੇ ਬਾਵਜੂਦ ਹਜ਼ਾਰਾਂ ਕਿਸਾਨਾਂ ਦੇ ਭਵਿੱਖ ਅਤੇ ਜ਼ਿੰਦਗੀ ਨਾਲ ਜੁੜੇ ਮਸਲੇ ’ਤੇ ਚੁੱਪੀ ਨਾਮੋਸ਼ੀਜਨਕ ਹੈ। ਸ੍ਰੀ ਸਿੰਘੇਵਾਲਾ ਨੇ ਕਿਹਾ ਕਿ ਕਾਂਗਰਸ ਸਰਕਾਰ ਦਾ ਸਮਾਂ ਮੁੱਕਣ ਦੇ ਕਿਨਾਰੇ ਹੈ। ਇਸ ਕਰਕੇ ਵਿੱਤ ਮੰਤਰੀ ਨੂੰ ਸਮਾਂ ਰਹਿੰਦੇ ਆਪਣੇ ਜਨਤਕ ਫਰਜ਼ ਨਿਭਾਉਣੇ ਚਾਹੀਦੇ ਹਨ। ਕਿਸਾਨ ਆਗੂ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਭੁਲੇਖਾ ਕੱਢ ਦੇਣ ਕਿ ਉਨ੍ਹਾਂ ਸ਼ਹਿਰੀ ਵਸੋਂ ਵਾਲੀ ਬਠਿੰਡਾ ਸੀਟ ’ਚੋਂ ਲੜਨਾ ਹੈ। ਵਿੱਤ ਮੰਤਰੀ ਨੂੰ ਚੇਤਾ ਰੱਖਣਾ ਚਾਹੀਦਾ ਹੈ ਕਿ ਕਿਸਾਨਾਂ ਪਰਿਵਾਰ ਦੀਆਂ ਬਹੁਗਿਣਤੀ ਵੋਟਾਂ ਬਠਿੰਡਾ ਸੀਟ ’ਤੇ ਵੀ ਹਨ ਅਤੇ ਕਿਸਾਨਾਂ ਪਿੰਡਾਂ ਵਿੱਚੋਂ ਬਠਿੰਡਾ ਸ਼ਹਿਰ ਆ ਕੇ ਚੋਣਾਂ ਸਮੇਂ ਵਿਰੋਧੀ ਰੰਗ ਵਿਖਾ ਸਕਦੇ ਹਨ। ਪੱਕੇ ਮੋਰਚੇ ਨੂੰ ਸੰਬੋਧਨ ਕਰਦੇ ਰਾਮ ਸਿੰਘ ਭੈਣੀਬਾਘਾ, ਹਰਜਿੰਦਰ ਸਿੰਘ ਬੱਗੀ, ਗੁਰਭੇਜ ਸਿੰਘ ਰੋਹੀਵਾਲਾ, ਪਰਮਜੀਤ ਕੌਰ ਪਿੱਥੋ, ਗੁਰਭਗਤ ਸਿੰਘ ਭਲਾਈਆਣਾ, ਜਗਦੇਵ ਸਿੰਘ ਤਲਵੰਡੀ ਅਤੇ ਜਗਤਾਰ ਸਿੰਘ ਬੁਰਜ ਮੁਹਾਰ ਅਤੇ ਰਣਧੀਰ ਸਿੰਘ ਮਲੂਕਾ ਨੇ ਕਿਹਾ ਕਿ ਭਾਰੀ ਹਮਲੇ ਨਾਲ ਬਰਬਾਦ ਹੋਈ ਨਰਮੇ ਦੀ ਫ਼ਸਲ ਦਾ 60 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਮਜ਼ਦੂਰਾਂ ਨੂੰ 30 ਹਜ਼ਾਰ ਰੁਪਏ ਪ੍ਰਤੀ ਪਰਿਵਾਰ ਮੁਆਵਜਾ, ਹੋਰ ਕੁਦਰਤੀ ਕਾਰਨਾਂ ਕਰਕੇ ਨਰਮਾ ਅਤੇ ਹੋਰ ਬਰਬਾਦ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ ਨਕਲੀ ਕੀਟਨਾਸ਼ਕ ਦਵਾਈਆਂ ਨਕਲੀ ਬੀਜ ਵੇਚਣ ਵਾਲਿਆਂ ਕੰਪਨੀਆਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕਿਸਾਨਾਂ ਨੇ ਐਲਾਨ ਕੀਤਾ ਕਿ ਨਰਮੇ ਦੀ ਫਸਲ ਦੇ ਮੁਆਵਜੇ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ।



No comments:

Post a Comment