25 October 2021

ਗਾਲ੍ਹਾਂ ਨੇ ਪੁਆਇਆ ਪ੍ਰਧਾਨ ਜੀ ਦਾ 'ਪੰਗਾ', ਖਰੀਦ ਏਜੰਸੀਆਂ ਦੀ ਰਿਸ਼ਵਤਖੋਰੀ ਦੇ ਪਾਜ ਉੱਧੜੇ

ਮੀਟਿੰਗ ਮੌਕੇ ਬਹਿਸਦੇ ਹੋਏ ਕੱਚਾ ਆੜਤੀਆ ਐਸੋੋਸੀਏਸ਼ਨ ਦੇ ਪ੍ਰਧਾਨ ਗੁਰਜੰਟ ਸਿੰਘ ਬਰਾੜ ਅਤੇ ਸ਼ੈਲਰ ਸੰਚਾਲਕ ਭਿੰਦਾ ਸੇਠੀ।


* ਆੜਤੀਆਂ ਨੇ ਪ੍ਰਧਾਨ ਦੇ ਨਾਲ-ਨਾਲ ਪੰਜ ਮੈਂਬਰੀ ਕਮੇਟੀ ਵੀ ਗਠਿਤ ਕੀਤੀ

* ਜਨਰਲ ਮੀਟਿੰਗ ’ਚ ਹੋਇਆ ਖੂਬ ਸ਼ੋਰ-ਸ਼ਰਾਬਾ

ਇਕਬਾਲ ਸਿੰਘ ਸ਼ਾਂਤ

ਲੰਬੀ: ਕੱਚਾ ਆੜਤੀਆ ਐਸੋਸੀਏਸ਼ਨ ਮੰਡੀ ਕਿਲਿਆਂਵਾਲੀ ਦੇ ਪ੍ਰਧਾਨ ਵੱਲੋਂ ਕਥਿਤ ਗਾਲਾਂ ਕੱਢਣ ਦਾ ਸੁਭਾਅ, ਏਜੰਸੀ ਇੰਸਪੈਕਟਰ ਵੱਲੋਂ ਕਣਕ ਖਰੀਦ ’ਚ ਆੜਤੀਆਂ ਤੋਂ ਲੱਖਾਂ ਰੁਪਏ ਅਤੇ ਐਸੋਸੀਏਸ਼ਨ ਦੇ ਇੱਕ ਅਹੁਦੇਦਾਰ ਵੱਲੋਂ ਵੀ ਆੜਤੀਆਂ ਤੋਂ ਫ਼ਸਲ ਖਰੀਦ ’ਚ ਸੱਤ-ਗੱਠ ਰੁਪਏ ਕਥਿਤ ਰਿਸ਼ਵਤ ਲੈਣ ਦਾ ਮਾਮਲਾ ਲੰਬੀ ਹਲਕੇ ’ਚ ਵਾਹਵਾ ਭਖਿਆ ਹੋਇਆ ਹੈ। ਪ੍ਰਧਾਨ ਦੇ ਕਥਿਤ ‘ਗਾਲ ਕੱਢੂ’ ਸੁਭਾਅ ਕਰਕੇ ਅੱਜ ਆੜਤੀਆਂ ਨੇ ਪ੍ਰਧਾਨ ਦੇ ਨਾਲ-ਨਾਲ ਕੰਮਕਾਜ਼ ਲਈ ਪੰਜ ਮੈਂਬਰੀ ਕਮੇਟੀ ਹੋਰ ਗਠਿਤ ਕਰ ਦਿੱਤੀ।


ਮੀਟਿੰਗ ਦਾ ਬਾਈਕਾਟ ਕਰਕੇ ਬਾਹਰ ਆਉਂਦੇ ਆੜਤੀਏ ਭੁਪਿੰਦਰ ਮਿੱਡੂਖੇੜਾ, ਭਿੰਦਾ ਸੇਠੀ ਅਤੇ ਹੋਰ।

 ਬੀਤੇ ਕੱਲ ਕੱਚਾ ਆੜਤੀਆ ਐਸੋਸੀਏਸ਼ਨ ਮੰਡੀ ਕਿੱਲਿਆਂਵਾਲੀ ਦੇ ਪ੍ਰਧਾਨ ਗੁਰਜੰਟ ਸਿੰਘ ਬਰਾੜ ਦਾ ਇੱਕ ਕਿਸਾਨ ਦੇ ਝੋਨੇ ’ਚ ਕਿਣਕੀ ਆਦਿ ਨੂੰ ਲੈ ਕੇ ਸ਼ੈਲਰ ਸੰਚਾਲਕ ਭਿੰਦਾ ਸੇਠੀ ਅਤੇ ਉਸਦੇ ਮੁਨੀਮ ਨਾਲ ਕਟੌਤੀ ਬਾਰੇ ਝਗੜਾ ਹੋਇਆ ਸੀ। ਕੱਲ ਪੁਲੀਸ ਚੌਕੀ ਵਿਖੇ ਵੀ ਦੋਵੇਂ ਧਿਰਾਂ ’ਚ ਖੂਬ ਗਾਲੀ-ਗਲੌਜ ਹੋਇਆ ਸੀ। 


     ਐਤਵਾਰ ਨੂੰ ਐਸੋਸੀਏਸ਼ਨ ਦੀ ਜਨਰਲ ਮੀਟਿੰਗ ’ਚ ਵੀ ‘ਗਾਲ ਕਾਂਡ’ ਖੂਬ ਉਛਲਿਆ। ਸ਼ੋਰ-ਸ਼ਰਾਬੇ ਭਰੀ ਮੀਟਿੰਗ ’ਚ ਪ੍ਰਧਾਨ ਵੱਲੋਂ ਤਕਰੀਰ ਮੌਕੇ ਇੱਕ ਸਰਕਾਰੀ ਮੁਲਾਜਮ ਨੂੰ ਮੁੜ ਕਥਿਤ ਗਾਲ ਕੱਢਣ ’ਤੇ ਆੜਤੀਆ ਭੁਪਿੰਦਰ ਮਿੱਡੂਖੇੜਾ, ਭਿੰਦਾ ਸੇਠੀ, ਅਰਿਹੰਤ ਜੈਨ, ਜਨਕ ਰਾਜ ਤੇ ਗੌਰਵ ਮੋਂਗਾ ਸਮੇਤ ਬਹੁਗਿਣਤੀ ਆੜਤੀਏ ਭਖ ਉੱਠੇ ਅਤੇ ਮੀਟਿੰਗ ਦਾ ਬਾਈਕਾਟ ਕਰਕੇ ਬਾਹਰ ਆ ਗਏ। ਜਿਨਾਂ ਨੇ ਪ੍ਰਧਾਨ ਉੱਪਰ ਵਪਾਰੀ ਸੁਭਾਅ ਦੇ ਉਲਟ ਬੇਵਜਾ ਬਦਕਲਾਮੀ ਦੇ ਦੋਸ਼ ਲਗਾਏ।


ਇਸ ਮੌਕੇ ਸ਼ੈਲਰ ਸੰਚਾਲਕ-ਕਮ-ਆੜਤੀਆ ਭਿੰਦਾ ਸੇਠੀ ਅਤੇ ਕਈ ਆੜਤੀਆਂ ਨੇ ਮੀਟਿੰਗ ’ਚ ਉਨਾਂ ਤੋਂ ਕਣਕ ਸੀਜਨ ’ਚ ਐਸੋਸੀਏਸ਼ਨ ਦੇ ਇੱਕ ਪ੍ਰਮੁੱਖ ਅਹੁਦੇਦਾਰ ਵੱਲੋਂ ਕਥਿਤ ਦਸ ਹਜ਼ਾਰ ਰੁਪਏ ਰਿਸ਼ਵਤ ਮੰਗਣ ਦੇ ਖੁੱਲੇਆਮ ਦੋਸ਼ ਲਗਾਏ। ਜਦੋਂਕਿ ਇੱਕ ਹੋਰ ਆੜਤੀਏ ਹੈਪੀ ਨੇ ਤਾਂ ਉਸਦੀ ਦਾਮੀ/ਕਮਿਸ਼ਨ ਦੇ ਖਾਣ ਦੇ ਦੋਸ਼ ਲਗਾਏ ਪਰ ਹੋਰਨਾਂ ਆੜਤੀਏ ਉਸਦਾ ਮੂੰੰਹ ’ਤੇ ਹੱਥ ਰੱਖ ਕੇ ਪਰਾਂ ਲੈ ਗਏ। ਜਿਸ ’ਤੇ ਮੀਟਿੰਗ ’ਚ ਮਾਹੌਲ ਗਰਮਾ ਗਿਆ ਅਤੇ ਐਸੋਸੀਏਸ਼ਨ ਟੁੱਟਣ ਦੇ ਹਾਲਾਤ ਬਣ ਗਏ। ਬੀਤੇ ਕੱਲ ਵੀ ਚੌਕੀ ਕਿੱਲਿਆਂਵਾਲੀ ’ਚ ਝਗੜੇ ਮੌਕੇ ਵੀ ਛਾਬੜਾ ਨਾਮਕ ਆੜਤੀਏ ਨੇ ਇੱਕ ਪ੍ਰਮੁੱਖ ਅਹੁਦੇਦਾਰ ’ਤੇ ਉਸ ਤੋਂ ਵੀ ਸੱਤ-ਅੱਠ ਰੁਪਏ ਗੱਟੇ ਮੰਗਣ ਦੇ ਦੋਸ਼ ਲਗਾਏ। ਇਸ ਕਥਿਤ ਰਿਸ਼ਵਤਖੋਰੀ ਬਾਰੇ ਇੱਕ ਆੜਤੀ ਆਗੂ ਦਾ ਕਹਿਣਾ ਸੀ ਕਿ ਇਹ ਗੱਲਾਂ ਵਪਾਰੀ ਸਿਸਟਮ ਦਾ ਬੁਨਿਆਦੀ ਹਿੱਸਾ ਹੈ ਜਿਨਾਂ ਨੂੰ ਮੀਡੀਆ ਸਾਹਮਣੇ ਜਨਤਕ ਨਾ ਕੀਤਾ ਜਾਵੇ। ਮੀਟਿੰਗ ’ਚ ਜਾਤੀਵਾਦ ਅਤੇ ਰਾਜਨੀਤੀ ਦਾ ਅਸਰ ਵੀ ਝਲਕਦਾ ਵਿਖਿਆ।


ਪ੍ਰਧਾਨ ਗੁਰਜੰਟ ਸਿੰਘ ਬਰਾੜ ਨੇ ਮੀਟਿੰਗ ’ਚ ਕਣਕ ਖਰੀਦ ਸਮੇਂ ਚਾਰ ਆੜਤੀਆਂ ਵੱਲੋਂ ਸਰਕਾਰੀ ਖਰੀਦ ਏਜੰਸੀ ਪਨਸਪ ਦੇ ਇੰਸਪੈਕਟਰ ਨੂੰ 50-50 ਹਜ਼ਾਰ ਰੁਪਏ ਇਕੱਠੇ ਕਰਕੇ ਕਥਿਤ ਰਿਸ਼ਵਤ ਦੇਣ ਦੀ ਗੱਲ ਆਖੀ ਅਤੇ ਆੜਤੀਆਂ ਤੋਂ ਚੰਦੇ ਦਾ ਹਿਸਾਬ ਪੇਸ਼ ਕਰਦੇ ਐਸੋਸੀਏਸ਼ਨ ਕਰਦੇ ਅਸਤੀਫ਼ੇ ਦੀ ਪੇਸ਼ਕਸ਼ ਕਰ ਦਿੱਤੀ। ਬਾਅਦ ’ਚ ਪ੍ਰਧਾਨ ਨੂੰ ਹਟਾ ਕੇ ਪੰਜ ਮੈਂਬਰੀ ਸੰਚਾਲਨ ਕਮੇਟੀ ਬਣਾਉਣ ਦਾ ਜ਼ੋਰ ਪੈ ਗਿਆ। 


ਬਾਅਦ ’ਚ ਪ੍ਰਵੀਣ ਸਿੰਗਲਾ, ਰੋਹਿਤ ਝਾਲਰੀਆ, ਕੈਨੇਡੀ ਕਾਮਰਾ, ਸੰਜੈ ਮਿੱਡਾ ਅਤੇ ਹੋਰਨਾਂ ਨੇ ਐਸੋਸੀਏਸ਼ਨ ਦੀ ਸਾਖ ਤੇ ਵਪਾਰੀਆਂ ਦੀ ਬਿਹਤਰੀ ਲਈ ਇਕਜੁੱਟ ਰਹਿਣ ਦਾ ਸੱਦਾ ਦਿੱਤਾ। ਗੁਰਜੰਟ ਸਿੰਘ ਬਰਾੜ ਨੂੰ ਵਿਵਹਾਰ ’ਚ ਸੁਧਾਰ ਲਿਆਉਣ ਅਤੇ ਕੰਮਕਾਜ ਲਈ ਉਨਾਂ ਦੇ ਨਾਲ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ, ਜਿਸ ’ਚ ਸੁਧੀਰ ਝਾਲਰੀਆ, ਪ੍ਰਵੀਣ ਸਿੰਗਲਾ, ਅਰਿਹੰਤ ਜੈਨ, ਜਿੰਮੀ ਢਿੱਲੋਂ ਅਤੇ ਭਿੰਦਾ ਸੇਠੀ ਨੂੰ ਸ਼ਾਮਲ ਕੀਤਾ ਗਿਆ। 


ਦੂਜੇ ਪਾਸੇ ਪ੍ਰਧਾਨ ਗੁਰਜੰਟ ਸਿੰਘ ਬਰਾੜ ਦਾ ਕਹਿਣਾ ਸੀ ਕਿ ਐਸੋਸੀਏਸ਼ਨ ਦਾ ਕੰਮ ਬਹੁਤ ਵਧੀਆ ਅਤੇ ਪਾਰਦਰਸ਼ੀ ਚੱਲ ਰਿਹਾ ਹੈ। ਉਹ ਖੁਦ ਪ੍ਰਸ਼ਾਸਨ ਨਾਲ ਗੱਲ ਕਰਕੇ ਕਿਸਾਨਾਂ ਅਤੇ ਆੜਤੀਆਂ ਦੀ ਬਿਹਤਰੀ ਲਈ ਯਤਨਸ਼ੀਲ ਹਨ। ਕੁੱਝ ਸ਼ਰਾਰਤੀ ਵਿਅਕਤੀ ਐਸੋਸੀਏਸ਼ਨ ਦਾ ਬੇਵਜਾ ਮਾਹੌਲ ਖ਼ਰਾਬ ਕਰ ਰਹੇ ਹਨ।

No comments:

Post a Comment